ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਕੇਂਦਰ ਸਰਕਾਰ ਨੂੰ ਕੋਲਾ ਸੰਕਟ ਬਾਰੇ ਚਿਤਾਵਨੀ ਦਿੰਦਿਆਂ ਪਾਵਰ ਪਲਾਂਟਾਂ ਨੂੰ ਕੋਲੇ ਦੀ ਮੰਗ ਕੀਤੀ ਹੈ। ਇਕ ਪ੍ਰੋਗਰਾਮ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਸਤੇਂਦਰ ਜੈਨ ਨੇ ਕਿਹਾ ਕਿ ਪੂਰੇ ਦੇਸ਼ 'ਚ ਕੋਲੇ ਦੀ ਕਮੀ ਹੈ। ਦਿੱਲੀ ਵਿੱਚ ਬਿਜਲੀ ਸੰਕਟ ਦੀ ਸੰਭਾਵਨਾ ਦਰਮਿਆਨ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਕੋਲ ਬਿਜਲੀ ਦਾ ਕੋਈ ਬੈਕਅੱਪ ਨਹੀਂ ਹੈ।
ਪਾਵਰ ਪਲਾਂਟਾਂ ਕੋਲ 21 ਦਿਨਾਂ ਦਾ ਵਾਧੂ ਕੋਲਾ ਹੋਣਾ ਚਾਹੀਦਾ ਹੈ, ਪਰ ਇਹ ਮੌਜੂਦ ਨਹੀਂ ਹੈ। ਦਿੱਲੀ ਨੂੰ ਕਈ ਨੇੜਲੇ ਪਲਾਂਟਾਂ ਤੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਜਿਸ ਵਿੱਚ ਦਾਦਰੀ ਪਾਵਰ ਪਲਾਂਟ ਤੋਂ ਸਭ ਤੋਂ ਵੱਡੇ ਪੈਮਾਨੇ 'ਤੇ ਬਿਜਲੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਸਾਰੇ ਪਾਵਰ ਪਲਾਂਟਾਂ ਕੋਲ ਬਿਜਲੀ ਪੈਦਾ ਕਰਨ ਲਈ ਲੋੜੀਂਦਾ ਕੋਲਾ ਨਹੀਂ ਹੈ। ਇਸ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਪਾਵਰ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 21 ਦਿਨ ਦਾ ਕੋਲਾ ਹੋਣਾ ਚਾਹੀਦਾ ਹੈ, ਪਰ ਇਸ ਸਮੇਂ ਬਿਜਲੀ ਪਲਾਂਟਾਂ ਵਿੱਚ ਸਿਰਫ਼ 1 ਦਿਨ ਦਾ ਕੋਲਾ ਬਚਿਆ ਹੈ।