ਪਟਨਾ: ਐਨਡੀਏ ਵਿਧਾਇਕ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਅੱਜ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਨਿਤੀਸ਼ ਕੁਮਾਰ ਨੇ 7ਵੀਂ ਵਾਰ ਮੁੱਖ ਮੰਤਰੀ ਬਨਣ ਦਾ ਰਿਕਾਰਡ ਨੂੰ ਆਪਣੇ ਨਾਂਅ ਕਰ ਲਿਆ ਹੈ। ਸਹੁੰ ਚੁੱਕਣ ਦੇ ਨਾਲ ਹੀ ਬਿਹਾਰ ਨੂੰ ਨਿਤੀਸ਼ ਕੁਮਾਰ ਦੇ ਰੂਪ 'ਚ 37ਵਾਂ ਮੁੱਖ ਮੰਤਰੀ ਮਿਲ ਗਿਆ ਹੈ।
ਸਹੁੰ ਚੁੱਕ ਸਮਾਗਮ 'ਚ ਨਿਤੀਸ਼ ਕੁਮਾਰ ਸਣੇ ਕੁੱਲ 15 ਮੰਤਰੀਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ। ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਐਨਡੀਏ 'ਚ ਸ਼ਾਮਲ ਪਾਰਟੀਆਂ 'ਚੋਂ ਭਾਜਪਾ ਦੇ 7, ਜੇਡੀਯੂ ਦੇ 5, ਵੀਆਈਪੀ ਅਤੇ ਹਮ ਦੇ 1-1 ਮੰਤਰੀ ਨੇ ਵੀ ਸਹੁੰ ਚੁੱਕੀ ਹੈ।
ਸਹੁੰ ਚੁੱਕ ਸਮਾਗਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਸ਼ਾਮਲ ਹੋਏ। ਮੁੱਖ ਮੰਤਰੀ ਬਨਣ 'ਤੇ ਨਿਤੀਸ਼ ਕੁਮਾਰ ਨੂੰ ਵੱਖੋਂ ਵੱਖ ਮਤੰਰੀਆਂ ਨੇ ਵਧਾਈਆਂ ਦਿੱਤੀਆਂ।
ਦੱਸਣਯੋਗ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ 'ਚ ਐਨਡੀਏ ਨੇ 125 ਸੀਟਾਂ ਜਿੱਤ ਬਹੁਮਤ ਹਾਸਲ ਕੀਤਾ ਸੀ। ਜਿਸ 'ਚ ਭਾਜਪਾ ਨੂੰ 74, ਜੇਡੀਯੂ ਨੂੰ 43, ਵੀਆਈਪੀ ਨੂੰ 4 ਸੀਟਾਂ ਅੇਤ ਹਮ( ਹਿੰਦੂਸਤਾਨੀ ਆਵਾਮ ਮੋਰਚਾ) ਨੂੰ ਵੀ 4 ਸੀਟਾਂ ਹਾਸਲ ਹੋਈਆਂ ਸਨ।
ਉੱਥੇ ਹੀ ਦੂਜੇ ਪਾਸੇ ਮਹਾਗਠਬੰਧਨ ਨੇ 110 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਿਸ 'ਚੋਂ ਆਰਜੇਡੀ ਨੇ 75, ਕਾਂਗਰਸ ਨੇ 19 ਭਾਕਪਾ ਮਾਲੇ ਨੇ 12, ਭਾਕਪਾ ਅਤੇ ਸੀਪੀਐਮ ਨੇ 2-2 ਸੀਟਾਂ 'ਤੇ ਜਿੱਤ ਹਾਸਲ ਕੀਤੀ। 75 ਸੀਟਾਂ ਜਿੱਤ ਹਾਸਲ ਕਰ ਆਰਜੇਡੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।