ਨਵੀਂ ਦਿੱਲੀ:ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਫਲੈਕਸ ਫਿਊਲ ਅਤੇ ਇਲੈਕਟ੍ਰਿਕ ਊਰਜਾ ਆਧਾਰਿਤ ਕਾਰ ਲਾਂਚ ਕੀਤੀ ਹੈ। ਇਸਨੂੰ ਇਲੈਕਟ੍ਰੀਫਾਈਡ ਫਲੈਕਸ ਫਿਊਲ ਕਾਰ ਵਜੋਂ ਜਾਣਿਆ ਜਾਂਦਾ ਹੈ। ਇਹ ਵਿਸ਼ੇਸ਼ ਕਾਰ ਭਾਰਤ ਵਿੱਚ ਟੋਇਟਾ ਕਿਰਲੋਸਕਰ ਦੁਆਰਾ ਬਣਾਈ ਗਈ ਹੈ, ਜੋਕਿ ਟੋਇਟਾ ਇਨੋਵਾ ਹਾਈਕ੍ਰਾਸ ਦਾ ਮਾਡਲ ਹੈ। ਇਹ ਇਨੋਵਾ 40 ਫੀਸਦੀ ਈਥਾਨੌਲ ਅਤੇ 60 ਫੀਸਦੀ ਇਲੈਕਟ੍ਰਿਕ 'ਤੇ ਆਧਾਰਿਤ ਹੈ।
ਜਾਣਕਾਰੀ ਅਨੁਸਾਰ ਫਲੈਕਸ ਫਿਊਲ ਗੈਸੋਲੀਨ ਅਤੇ ਮਿਥੇਨੌਲ ਜਾਂ ਈਥਾਨੌਲ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰੀ ਮੰਤਰੀ ਜੋ ਵਾਹਨ ਨਿਰਮਾਤਾਵਾਂ ਨੂੰ ਬਦਲਵੇਂ ਈਂਧਨ ਨਾਲ ਚੱਲਣ ਵਾਲੇ ਅਤੇ ਗ੍ਰੀਨ ਵਾਹਨਾਂ ਨੂੰ ਲਿਆਉਣ ਲਈ ਉਤਸ਼ਾਹਿਤ ਕਰ ਰਹੇ ਹਨ, ਉਸਨੇ ਪਿਛਲੇ ਸਾਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ਟੋਇਟਾ ਮਿਰਾਈ ਈਵੀ ਪੇਸ਼ ਕੀਤੀ ਸੀ। ਇਸ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਮੰਤਰੀ ਡਾਕਟਰ ਮਹਿੰਦਰ ਨਾਥ ਪਾਂਡੇ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।