ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (CBI) ਮਣੀਪੁਰ ਹਿੰਸਾ ਨਾਲ ਸਬੰਧਤ 9 ਹੋਰ ਮਾਮਲਿਆਂ ਦੀ ਜਾਂਚ ਆਪਣੇ ਹੱਥਾਂ ਵਿੱਚ ਲੈਣ ਲਈ ਤਿਆਰ ਹੈ ਜਿਸ ਨਾਲ ਏਜੰਸੀ ਵਲੋਂ ਜਾਂਚ ਕੀਤੇ ਜਾ ਰਹੇ ਕੁੱਲ ਮਾਮਲਿਆਂ ਦੀ ਗਿਣਤੀ 17 ਹੋ ਚੁੱਕੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਸ ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਏਜੰਸੀ ਦੀ ਜਾਂਚ ਇਨ੍ਹਾਂ 17 ਮਾਮਲਿਆਂ ਤੱਕ ਸੀਮਤ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਅਪਰਾਧ ਜਾਂ ਜਿਣਸੀ ਸੋਸ਼ਣ ਨਾਲ ਸਬੰਧਤ ਕੋਈ ਹੋਰ ਮਾਮਲਾ ਵੀ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਭੇਜਿਆ ਜਾ ਸਕਦਾ ਹੈ।
ਜਿਨਸੀ ਸੋਸ਼ਣ ਦੇ ਇੱਕ ਹੋਰ ਮਾਮਲੇ ਦੀ ਜਾਂਚ: ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਹੁਣ ਤੱਕ ਅੱਠ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਦੋ ਮਣੀਪੁਰ ਵਿੱਚ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ ਨੌਂ ਹੋਰ ਮਾਮਲਿਆਂ ਦੀ ਜਾਂਚ ਸੰਭਾਲਣ ਦੀ ਪ੍ਰਕਿਰਿਆ ਵਿੱਚ ਹੈ। ਉਨ੍ਹਾਂ ਮੁਤਾਬਕ, ਜਾਂਚ ਏਜੰਸੀ ਸੂਬੇ ਦੇ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਕਥਿਤ ਜਿਨਸੀ ਸੋਸ਼ਣ ਦੇ ਇੱਕ ਹੋਰ ਮਾਮਲੇ ਨੂੰ ਚੁੱਕ ਸਕਦੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਜਿੱਥੇ ਸਮਾਜ ਜਾਤੀ ਆਧਾਰ 'ਤੇ ਵੰਡਿਆ ਹੋਇਆ ਹੈ। ਸੀਬੀਆਈ ਨੂੰ ਮਣੀਪੁਰ ਆਪਰੇਸ਼ਨ ਦੌਰਾਨ ਪੱਖਪਾਤ ਦੇ ਇਲਜ਼ਾਮਾਂ ਤੋਂ ਬਚਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਕ ਮਾਮਲੇ 'ਚ ਇਕ ਭਾਈਚਾਰੇ ਦੇ ਵਿਅਕਤੀ ਨੂੰ ਸ਼ਾਮਲ ਕਰਨ ਨਾਲ ਦੂਜੇ 'ਤੇ ਇਹ ਮਾਮਲਾ ਉਂਗਲਾਂ ਚੁੱਕ ਸਕਦਾ ਹੈ।
ਜਾਂਚ ਲਈ ਸੁਪਰਡੈਂਟ ਆਫ਼ ਪੁਲਿਸ ਤੈਨਾਤ:ਸੂਤਰਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਦੀ ਰੋਕਥਾਮ) ਐਕਟ, 1989 ਦੀਆਂ ਵਿਵਸਥਾਵਾਂ ਸੀਬੀਆਈ ਦੁਆਰਾ ਜਾਂਚ ਕੀਤੇ ਜਾ ਰਹੇ ਕਈ ਮਾਮਲਿਆਂ ਵਿੱਚ ਲਾਗੂ ਹੋ ਸਕਦੀਆਂ ਹਨ, ਜਿਨ੍ਹਾਂ ਦੀ ਜਾਂਚ ਡਿਪਟੀ ਸੁਪਰੀਡੈਂਟ ਆਫ਼ ਪੁਲਿਸ ਦੇ ਰੈਂਕ ਦੇ ਅਧਿਕਾਰੀ ਵਲੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ, ਕਿਉਂਕਿ ਅਜਿਹੇ ਮਾਮਲਿਆਂ ਵਿੱਚ ਡਿਪਟੀ ਸੁਪਰਡੈਂਟ ਸੁਪਰਵਾਈਜ਼ਰੀ ਅਫ਼ਸਰ ਨਹੀਂ ਹੋ ਸਕਦੇ, ਇਸ ਲਈ ਏਜੰਸੀ ਆਪਣੇ ਸੁਪਰਡੈਂਟ ਆਫ਼ ਪੁਲਿਸ ਨੂੰ ਜਾਂਚ ਦੀ ਨਿਗਰਾਨੀ ਲਈ ਤਾਇਨਾਤ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਸਾਰੇ ਫੋਰੈਂਸਿਕ ਨਮੂਨੇ ਆਪਣੀ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਭੇਜੇਗੀ, ਕਿਉਂਕਿ ਦੋਵਾਂ ਭਾਈਚਾਰਿਆਂ ਵਿੱਚੋਂ ਕਿਸੇ ਵੀ ਇੱਕ ਦੁਆਰਾ ਨਮੂਨਾ ਇਕੱਠਾ ਕਰਨ ਜਾਂ ਇਸ ਦੀ ਜਾਂਚ ਦੇ ਨਤੀਜੇ ਵਜੋਂ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਖੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਸੂਬੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਹੈ, ਜੋ ਕਿ ਬਿਆਨ ਦਰਜ ਕਰਨ ਅਤੇ ਪੁੱਛ-ਪੜਤਾਲ ਕਰਨ ਲਈ ਜ਼ਰੂਰੀ ਹੈ।
ਕਿਉਂ ਹੋ ਰਹੀ ਮਣੀਪੁਰ ਹਿੰਸਾ:3 ਮਈ ਨੂੰ ਰਾਜ ਵਿੱਚ ਪਹਿਲੀ ਵਾਰ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 160 ਤੋਂ ਵੱਧ ਲੋਕ ਮਾਰੇ ਗਏ ਹਨ, ਅਤੇ ਕਈ ਸੌ ਜ਼ਖਮੀ ਹੋਏ ਹਨ। ਹਿੰਸਾ ਉਦੋਂ ਭੜਕੀ ਜਦੋਂ ਪਹਾੜੀ ਜ਼ਿਲ੍ਹਿਆਂ ਵਿੱਚ ਬਹੁਗਿਣਤੀ ਮੀਤੀ ਭਾਈਚਾਰੇ ਲਈ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਇੱਕ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕੀਤਾ ਗਿਆ ਸੀ। ਮੈਤੇਈ ਭਾਈਚਾਰਾ ਮਣੀਪੁਰ ਦੀ ਕੁੱਲ ਆਬਾਦੀ ਦਾ ਲਗਭਗ 53 ਫੀਸਦੀ ਹੈ ਅਤੇ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦਾ ਹੈ, ਜਦਕਿ ਕਬਾਇਲੀ ਨਾਗਾ ਅਤੇ ਕੁਕੀ ਭਾਈਚਾਰੇ 40 ਫੀਸਦੀ ਹਨ ਅਤੇ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।