ਨਵੀਂ ਦਿੱਲੀ:ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ਨੀਵਾਰ ਸਵੇਰੇ ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ 'ਚ ਕੁਝ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਅਤੇ ਛੁਪਣਗਾਹਾਂ 'ਤੇ ਛਾਪੇਮਾਰੀ ਅਜੇ ਵੀ ਜਾਰੀ ਹੈ। ਇਹ ਕਦਮ ਇਕ ਦਿਨ ਬਾਅਦ ਆਇਆ ਹੈ ਜਦੋਂ ਕੇਂਦਰੀ ਅੱਤਵਾਦ ਰੋਕੂ ਏਜੰਸੀ ਨੇ ਘੱਟ ਗਿਣਤੀਆਂ, ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਵਿਚ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੁਆਰਾ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਜੰਮੂ-ਕਸ਼ਮੀਰ ਵਿਚ 14 ਥਾਵਾਂ 'ਤੇ ਤਲਾਸ਼ੀ ਲਈ ਹੈ।
ਫਿਰੋਜ਼ਪੁਰ ਵਿੱਚ NIA ਦੀ ਛਾਪੇਮਾਰੀ:ਜਾਣਕਾਰੀ ਮੁਤਾਬਕ, ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਬੂਲੇ ਵਿੱਚ ਰੇਡ ਕੀਤੀ ਗਈ ਹੈ। ਪਿੰਡ ਬੂੱਲੇ ਦੇ ਰਹਿਣ ਵਾਲੇ ਅਮਰਜੀਤ ਸਿੰਘ ਪੁੱਤਰ ਸਾਹਿਬ ਸਿੰਘ, ਜੋ ਕਿ ਪਹਿਲਾਂ ਵੀ NIA ਦੀ ਰਡਾਰ ਉੱਤੇ ਸੀ। ਇਸ ਦੀ ਕਾਰ ਮੋਗਾ ਵਿੱਚ ਫੜੇ ਗਏ ਦੋਸ਼ੀਆਂ ਵੱਲੋਂ ਵਰਤੀ ਗਈ ਸੀ। ਇਸ ਨੂੰ NIA ਵੱਲੋਂ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਗਈ ਸੀ, ਪਰ ਕੁਝ ਵੀ ਨਾ ਸਾਬਤ ਹੋਣ ਉੱਤੇ ਅਮਰਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਸੀ। NIA ਟੀਮ ਵੱਲੋਂ ਇਸ ਨੂੰ ਸਪੱਸ਼ਟੀਕਰਨ ਦੇਣ ਵਾਸਤੇ ਵਾਰ ਵਾਰ ਬੁਲਾਇਆ ਗਿਆ, ਪਰ ਇਹ ਹਾਜ਼ਰ ਨਹੀਂ ਹੋਇਆ। ਇਸ ਕਰਕੇ ਅੱਜ NIA ਟੀਮ ਵੱਲੋਂ ਇਸ ਦੇ ਘਰ ਰੇਡ ਕੀਤੀ ਗਈ ਤੇ ਮੌਕੇ ਉੱਤੇ ਅਮਰਜੀਤ ਸਿੰਘ ਨਹੀਂ ਮਿਲਿਆ ਹੈ।