ਨਵੀਂ ਦਿੱਲੀ:ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਇਲੈਕਟ੍ਰਾਨਿਕ ਡੇਟੋਨੇਟਰ ਅਤੇ ਵਿਸਫੋਟਕ ਬਰਾਮਦਗੀ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਵਿੱਚ ਕੁੱਲ ਗ੍ਰਿਫਤਾਰੀਆਂ ਵੀ ਵਧ ਗਈਆਂ ਹਨ। ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਨਿਵਾਸੀ ਇਸਲਾਮ ਚੌਧਰੀ ਵਜੋਂ ਹੋਈ ਹੈ। ਸ਼ੁੱਕਰਵਾਰ ਨੂੰ ਮੁਲਜ਼ਮ ਦੇ ਬਾਰਾਲੀਪਾਰਾ ਸਥਿਤ ਘਰੋਂ ਗ੍ਰਿਫਤਾਰ ਕੀਤਾ ਗਿਆ।
ਇਹ ਹਨ ਮਾਮਲੇ ਵਿੱਚ ਮੁਲਜ਼ਮ:ਐਨਆਈਏ ਨੇ ਮੁਲਜ਼ਮਾਂ ਕੋਲੋਂ 1,50,000 ਰੁਪਏ ਨਕਦ, ਬੈਂਕ ਲੈਣ-ਦੇਣ ਦੇ ਦਸਤਾਵੇਜ਼, ਮੋਬਾਈਲ ਨੰਬਰ ਦੇ ਨਾਲ ਕਾਗਜ਼ ਦੀਆਂ ਪਰਚੀਆਂ, ਸਿਮ ਕਾਰਡ, ਤਿੰਨ ਮੋਬਾਈਲ ਫੋਨ ਅਤੇ ਵੱਖ-ਵੱਖ ਇਤਰਾਜਯੋਗ ਦਸਤਾਵੇਜ਼ ਜ਼ਬਤ ਕੀਤੇ ਹਨ। ਏਜੰਸੀ ਦੇ ਮੁਤਾਬਕ, ਦੋ ਹੋਰ ਮੁਲਜ਼ਮਾਂ ਮੇਰਾਜੂਦੀਨ ਆਲ ਖਾਨ ਉਰਫ਼ ਮੇਰਾਜ ਖਾਨ ਅਤੇ ਮੀਰ ਮੁਹੰਮਦ ਨਰਰੁੱਜਮਾਨ ਉਰਫ਼ ਰੋਮਿਓ ਉਰਫ਼ ਮੀਰ ਉਰਫ ਜਮਾਈ ਉਰਫ ਪ੍ਰਿੰਸ ਦੀ ਐਨਆਈਏ ਵਲੋਂ ਜਾਂਚ ਤੋਂ ਬਾਅਦ ਇਸਲਾਮ ਦੀ ਗ੍ਰਿਫਤਾਰੀ ਕੀਤੀ ਗਈ ਹੈ। ਮੇਰਾਜ ਅਤੇ ਪ੍ਰਿੰਸ ਨੂੰ ਏਜੰਸੀ ਨੇ 28 ਜੂਨ, 2023 ਨੂੰ ਗ੍ਰਿਫਤਾਰ ਕੀਤਾ ਸੀ।
ਐਨਆਈਏ ਮੁਤਾਬਕ, ਜਾਂਚ ਤੋਂ ਪਤਾ ਚੱਲਿਆ ਹੈ ਕਿ ਵਿਸਫੋਟਕਾਂ ਦੀ ਸਪਲਾਈ ਮਾਮਲੇ ਵਿੱਚ ਇਸਲਾਮ ਚੌਧਰੀ ਇਕ ਮੁੱਖ ਸਾਜਿਸ਼ਕਰਤਾ ਹੈ। ਦੱਸ ਦਈਏ ਕਿ ਐਨਆਈਏ ਨੇ ਪਿਛਲੇ ਸਾਲ ਸਤਬੰਰ ਵਿੱਚ ਭਾਰੀ ਮਾਤਰਾ ਵਿੱਚ ਇਲੈਕਟ੍ਰਾਨਿਕ ਡੇਟੋਨੇਟਰ, ਨੋਲੇਨਸ (ਗੈਰ-ਇਲੈਕਟ੍ਰਾਨਿਕ ਡੇਟੋਨੇਟਰ) ਅਤੇ ਵਿਸਫੋਟਕ ਅਤੇ ਨਕਦੀ ਜਬਤ ਕੀਤੀ।
ਹੁਣ ਬਰਾਮਦ ਹੋਈਆਂ ਚੀਜ਼ਾਂ: ਸ਼ੁਰੂਆਤ ਵਿੱਚ, ਪੱਛਮੀ ਬੰਗਾਲ ਦੀ ਐਸਟੀਐਫ ਟੀਮ ਬੀਰਭੂਮ ਦੇ ਐਮਡੀ ਬਜ਼ਾਰ ਪੁਲਿਸ ਸਟੇਸ਼ਨ ਖੇਤਰ ਵਿੱਚ ਇਕ ਵਾਹਨ ਚੋਂ ਲਗਭਗ 81,000 ਇਲੈਕਟ੍ਰਾਨਿਕ ਡੇਟੋਨੇਟਰ ਜਬਤ ਕੀਤੇ ਸੀ। ਵਾਹਨ ਚਾਲਕ ਆਸ਼ੀਸ਼ ਕੇਓਰਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ਦੇ ਆਧਾਰ ਉੱਤੇ ਇਕ ਤਲਾਸ਼ੀ ਅਭਿਆਨ ਦੌਰਾਨ ਨਾਜਾਇਜ਼ ਗੋਦਾਮਾਂ ਚੋਂ 50 ਕਿਲੋਂ ਅਮੋਨੀਅਮ ਨਾਈਟ੍ਰੇਟ, 2,525 ਇਲੈਕਟ੍ਰਾਨਿਕ ਡੇਟੋਨੇਟਰ, 27,000 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ, 1,625 ਕਿਲੋਂ ਜਿਲੇਟਿਨ ਦੀਆਂ ਛੜਾਂ, ਮੈਗਜ਼ੀਨ ਨਾਲ ਇਕ ਪਿਸਤੌਲ ਅਤੇ 4 ਜਿੰਦਾ ਕਾਰਤੂਸ, 16.25 ਕਿਲੋਂ ਜਿਲੇਟਿਨ ਦੀਆਂ ਛੜਾਂ (ਕੁੱਲ ਗਿਣਤੀ ਵਿੱਚ 130) ਅਤੇ ਇਕ ਬੈਗ ਜਬਤ ਕੀਤਾ ਗਿਆ। ਇਸ ਤਲਾਸ਼ੀ ਅਭਿਆਨ ਦੌਰਾਨ ਵੀ ਕੁੱਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਨਆਈਏ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। (ਏਐਨਆਈ)