ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਬਦਲ ਗਈ ਸੀ, ਉਸੇ ਤਰ੍ਹਾਂ ਕੋਰੋਨਾ ਮਹਾਮਾਰੀ ਤੋਂ ਬਾਅਦ ਵੀ ਦੁਨੀਆ 'ਚ ਕਈ ਬਦਲਾਅ ਆਉਣ ਦੀ ਸੰਭਾਵਨਾ ਹੈ ਅਤੇ ਇਕ ਨਵੀਂ ਵਿਸ਼ਵ ਵਿਵਸਥਾ ਤਿਆਰ ਹੋ ਜਾਵੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਸਾਲ 2022-23 ਦੇ ਆਮ ਬਜਟ 'ਤੇ ਆਯੋਜਿਤ ਪ੍ਰੋਗਰਾਮ 'ਆਤਮ-ਨਿਰਭਰ ਆਰਥਿਕਤਾ' ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਦਾ ਇਹ ਦੌਰ ਪੂਰੀ ਦੁਨੀਆ ਲਈ ਇਕ ਤਰ੍ਹਾਂ ਦੀ ਕ੍ਰਾਂਤੀਕਾਰੀ ਤਬਦੀਲੀ ਹੈ।
ਉਨ੍ਹਾਂ ਕਿਹਾ, 'ਅਸੀਂ ਜਿਸ ਦੁਨੀਆ ਨੂੰ ਅੱਗੇ ਦੇਖਣ ਜਾ ਰਹੇ ਹਾਂ, ਉਹੋ ਜਿਹੀ ਨਹੀਂ ਹੋਵੇਗੀ ਜਿਵੇਂ ਕਿ ਇਹ ਕੋਰੋਨਾ ਦੌਰ ਤੋਂ ਪਹਿਲਾਂ ਸੀ। ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਬਦਲ ਗਈ ਸੀ, ਉਸੇ ਤਰ੍ਹਾਂ ਕੋਰੋਨਾ ਤੋਂ ਬਾਅਦ ਦੁਨੀਆ ਵਿਚ ਕਈ ਬਦਲਾਅ ਆਉਣ ਦੀ ਸੰਭਾਵਨਾ ਹੈ। ਇੱਕ ਨਵੀਂ ਵਿਸ਼ਵ ਵਿਵਸਥਾ ਦੀ ਸੰਭਾਵਨਾ ਹੈ। ਵੀਡੀਓ ਕਾਨਫਰੰਸ ਰਾਹੀਂ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਅਤੇ ਪਹਿਲਾਂ ਦੀਆਂ ਨੀਤੀਆਂ ਵਿੱਚ ਕੀਤੇ ਗਏ ਸੁਧਾਰਾਂ ਕਾਰਨ ਭਾਰਤੀ ਅਰਥਵਿਵਸਥਾ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ, 'ਸੱਤ-ਅੱਠ ਸਾਲ ਪਹਿਲਾਂ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 1 ਲੱਖ 10 ਹਜ਼ਾਰ ਕਰੋੜ ਰੁਪਏ ਸੀ। ਅੱਜ ਭਾਰਤ ਦੀ ਅਰਥਵਿਵਸਥਾ 2 ਲੱਖ 30 ਹਜ਼ਾਰ ਕਰੋੜ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਭਾਰਤ ਲਈ ਨਵੇਂ ਮੌਕਿਆਂ ਲਈ ਅਤੇ ਨਵੇਂ ਸੰਕਲਪਾਂ ਦੀ ਪੂਰਤੀ ਲਈ ਨਵੇਂ ਸਿਰੇ ਤੋਂ ਤਿਆਰੀ ਕਰਨ ਦਾ ਹੈ। ਉਨ੍ਹਾਂ ਕਿਹਾ, 'ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਆਤਮ-ਨਿਰਭਰ ਬਣੇ ਅਤੇ ਉਸ ਆਤਮ-ਨਿਰਭਰ ਭਾਰਤ ਦੀ ਨੀਂਹ 'ਤੇ ਆਧੁਨਿਕ ਭਾਰਤ ਦਾ ਨਿਰਮਾਣ ਕੀਤਾ ਜਾਵੇ।'