ਨਵੀਂ ਦਿੱਲੀ: ਯੂਐਸ-ਅਧਾਰਤ ਕੰਟੈਟ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਵਿਚ 5-6 ਦਸੰਬਰ ਨੂੰ 'ਸਟ੍ਰੀਮਫੈਸਟ' ਦਾ ਆਯੋਜਨ ਕਰੇਗਾ, ਜਿਸ ਦੇ ਤਹਿਤ ਜੋ ਲੋਕ ਨੈੱਟਫਲਿਕਸ ਦੇ ਗਾਹਕ ਨਹੀਂ ਹਨ, ਉਹ ਇਸ ਦੀਆਂ ਸੇਵਾਵਾਂ ਦਾ ਮੁਫਤ ਵਿੱਚ ਤਜਰਬਾ ਵੀ ਕਰ ਸਕਣਗੇ।
ਨੈੱਟਫਲਿਕਸ ਦੀ ਇਸ ਪਹਿਲ ਦਾ ਮਕਸਦ ਨਵੇਂ ਗਾਹਕਾਂ ਨੂੰ ਸ਼ਾਮਲ ਕਰਨਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਨੈੱਟਫਲਿਕਸ ਨੂੰ ਭਾਰਤ ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ, ਡਿਜ਼ਨੀ ਹੌਟਸਟਾਰ ਅਤੇ ਜੀ5 ਵਰਗੇ ਓਟੀਟੀ ਪਲੇਟਫਾਰਮਾਂ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ।
ਨੈੱਟਫਲਿਕਸ ਇੰਡੀਆ ਦੀ ਉਪ ਪ੍ਰਧਾਨ ਮੋਨਿਕਾ ਸ਼ੇਰਗਿੱਲ, ਵਾਈਸ ਪ੍ਰੈਜ਼ੀਡੈਂਟ (ਕੰਟੈਂਟ) ਨੇ ਇੱਕ ਬਲਾੱਗਪੋਸਟ ਵਿੱਚ ਕਿਹਾ, “ਨੈੱਟਫਲਿਕਸ ਦੇ ਜ਼ਰੀਏ ਅਸੀਂ ਭਾਰਤ ਵਿੱਚ ਮਨੋਰੰਜਨ ਪ੍ਰੇਮੀਆਂ ਲਈ ਦੁਨੀਆ ਭਰ ਦੀਆਂ ਸਭ ਤੋਂ ਵਿਲੱਖਣ ਕਹਾਣੀਆਂ ਲਿਆਉਣਾ ਚਾਹੁੰਦੇ ਹਾਂ। ਇਸ ਲਈ ਅਸੀਂ ਸਟ੍ਰੀਮਫੈਸਟ ਦੀ ਮੇਜ਼ਬਾਨੀ ਕਰ ਰਹੇ ਹਾਂ। ਪੰਜ ਦਸੰਬਰ ਰਾਤ 12 ਵਜੇ ਤੋਂ ਸ਼ਾਮ 6 ਦਸੰਬਰ ਰਾਤ 12 ਵਜੇ ਤੱਕ ਨੈੱਟਫਲਿਕਸ ਮੁਫਤ ਹੈ।”
ਉਨ੍ਹਾਂ ਕਿਹਾ ਕਿ ਜੋ ਲੋਕ ਨੈੱਟਫਲਿਕਸ ਦੇ ਗਾਹਕ ਨਹੀਂ ਹਨ, ਉਹ ਆਪਣੇ ਨਾਮ, ਈਮੇਲ ਜਾਂ ਫੋਨ ਨੰਬਰ ਅਤੇ ਪਾਸਵਰਡ ਨਾਲ ਸਾਈਨ ਅਪ ਕਰ ਸਕਦੇ ਹਨ ਅਤੇ ਬਿਨਾਂ ਕਿਸੇ ਰਕਮ ਦੇ ਭੁਗਤਾਨ ਕੀਤੇ ਸਟ੍ਰੀਮਿੰਗ ਸ਼ੁਰੂ ਕਰ ਸਕਦੇ ਹਨ।