ਨਵੀਂ ਦਿੱਲੀ— ਪੁਲਿਸ ਸਿਸਟਮ 'ਚ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਉਹ ਅੱਜ ਦੇ ਸਮੇਂ 'ਚ ਕੁਸ਼ਲਤਾ ਨਾਲ ਕੰਮ ਕਰ ਸਕੇ। ਇਹ ਗੱਲਾਂ ਭਾਰਤ ਦੇ ਚੀਫ਼ ਜਸਟਿਸ ਐਨ.ਵੀ.ਰਮਨਾ ਨੇ ਸ਼ੁੱਕਰਵਾਰ ਨੂੰ ‘ਜਮਹੂਰੀਅਤ: ਜਾਂਚ ਏਜੰਸੀਆਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ’ ਵਿਸ਼ੇ ’ਤੇ ਕਰਵਾਏ ਸਮਾਗਮ ਦੌਰਾਨ ਕਹੀਆਂ। ਉਨ੍ਹਾਂ ਨੇ ਕਿਹਾ ਕਿ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ ਅਤੇ ਇੱਥੋਂ ਤੱਕ ਕਿ ਸਰਕਾਰੀ ਰਿਪੋਰਟਾਂ ਨੇ ਮੰਨਿਆ ਹੈ ਕਿ ਪੁਲਿਸ ਵਿੱਚ ਕਈ ਸੁਧਾਰਾਂ ਦੀ ਲੋੜ ਹੈ।
ਸੀਜੇਆਈ ਰਮਨਾ ਨੇ ਕਿਹਾ ਕਿ ਪੁਲਿਸ ਲਈ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ। ਇੰਨਾ ਹੀ ਨਹੀਂ ਸੀਜੇਆਈ ਨੇ ਪੁਲਿਸ ਅਤੇ ਰਾਜਨੀਤੀ ਦੇ ਗਠਜੋੜ ਦਾ ਵੀ ਜ਼ਿਕਰ ਕੀਤਾ।
ਪੁਲਿਸ ਦੇ ਅਕਸ ਬਾਰੇ ਸੀਜੇਆਈ ਐਨਵੀ ਰਮਨਾ ਨੇ ਕਿਹਾ ਕਿ ਪੁਲਿਸ ਨੂੰ ਰਾਜਨੀਤਿਕ ਕਾਰਜਕਾਰਨੀ ਨਾਲ ਗਠਜੋੜ ਤੋੜਨਾ ਹੋਵੇਗਾ ਤੇ ਸਮਾਜ ਤੇ ਜਨਤਾ ਵਿਚਕਾਰ ਵਿਸ਼ਵਾਸ ਬਹਾਲ ਕਰਨਾ ਹੋਵੇਗਾ। ਪੁਲਿਸ ਨੂੰ ਨੈਤਿਕਤਾ ਤੇ ਇਮਾਨਦਾਰੀ ਨਾਲ ਖੜ੍ਹਨਾ ਚਾਹੀਦਾ ਹੈ, ਅਜਿਹਾ ਕਰਨਾ ਸਾਰੀਆਂ ਸੰਸਥਾਵਾਂ ਲਈ ਸਹੀ ਹੈ।