ਕਰਾਚੀ :ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ 'ਚ ਇਕ 150 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਮੰਦਿਰ ਨੂੰ ਪੁਰਾਣਾ ਅਤੇ ਖਤਰਨਾਕ ਢਾਂਚੇ ਵਾਲਾ ਕਰਾਰ ਦਿੱਤਾ ਗਿਆ ਸੀ। ਕਰਾਚੀ ਦੇ ਸੋਲਜਰ ਬਜ਼ਾਰ ਸਥਿਤ 'ਮਾਰੀ ਮਾਤਾ ਮੰਦਰ' ਨੂੰ ਸ਼ੁੱਕਰਵਾਰ ਦੇਰ ਰਾਤ ਭਾਰੀ ਪੁਲਸ ਬਲ ਦੀ ਮੌਜੂਦਗੀ 'ਚ ਬੁਲਡੋਜ਼ਰਾਂ ਦੀ ਮਦਦ ਨਾਲ ਢਾਹ ਦਿੱਤਾ ਗਿਆ ਹੈ।
ਰਾਤ ਨੂੰ ਢਾਹਿਆ ਮੰਦਿਰ :ਜਾਣਕਾਰੀ ਮੁਤਾਬਿਕ ਇਲਾਕੇ ਦੇ ਹਿੰਦੂ ਮੰਦਿਰਾਂ ਦੀ ਦੇਖਭਾਲ ਕਰਨ ਵਾਲੇ ਰਾਮਨਾਥ ਮਿਸ਼ਰਾ ਮਹਾਰਾਜ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਰਾਤ ਨੂੰ ਮੰਦਰ ਨੂੰ ਢਾਹ ਦਿੱਤਾ ਸੀ ਅਤੇ ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕੁੱਝ ਵਾਪਰਨ ਵਾਲਾ ਹੈ। ਮਿਸ਼ਰਾ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਦਿਰ ਦੀਆਂ ਬਾਹਰਲੀਆਂ ਕੰਧਾਂ ਅਤੇ ਮੁੱਖ ਗੇਟ ਨੂੰ ਬਰਕਰਾਰ ਰੱਖਿਆ ਪਰ ਉਨ੍ਹਾਂ ਨੇ ਅੰਦਰ ਦਾ ਸਾਰਾ ਢਾਂਚਾ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਮੰਦਿਰ ਦਾ ਨਿਰਮਾਣ ਕਰੀਬ 150 ਸਾਲ ਪਹਿਲਾਂ ਹੋਇਆ ਸੀ ਅਤੇ ਕਿਹਾ ਜਾਂਦਾ ਹੈ ਕਿ ਮੰਦਿਰ ਦੇ ਪਰਿਸਰ ਵਿੱਚ ਹੀ ਖਜ਼ਾਨਾ ਦੱਬਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਇਹ ਮੰਦਿਰ 400 ਤੋਂ 500 ਵਰਗ ਗਜ਼ ਦੇ ਖੇਤਰ ਵਿੱਚ ਬਣਾਇਆ ਗਿਆ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇੱਥੇ ਬਣਿਆ ਹੋਇਆ ਹੈ। ਮੰਦਿਰ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਸੀ। ਸਥਾਨਕ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਧਿਕਾਰੀਆਂ ਦੁਆਰਾ ਇਸ ਨੂੰ ਖਤਰਨਾਕ ਢਾਂਚਾ ਐਲਾਨੇ ਜਾਣ ਤੋਂ ਬਾਅਦ ਮੰਦਿਰ ਨੂੰ ਢਾਹ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮੰਦਰ ਨੂੰ ਕਰਾਚੀ ਦੇ ਮਦਰਾਸੀ ਹਿੰਦੂ ਭਾਈਚਾਰੇ ਦੁਆਰਾ ਚਲਾਇਆ ਜਾਂਦਾ ਸੀ ਅਤੇ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਢਾਂਚਾ ਬਹੁਤ ਪੁਰਾਣਾ ਸੀ। ਅਧਿਕਾਰੀ ਨੇ ਕਿਹਾ ਕਿ ਮੰਦਰ ਪ੍ਰਬੰਧਨ ਨੇ ਭਾਰੀ ਦਿਲ ਨਾਲ ਦੇਵਤਿਆਂ ਨੂੰ ਇਕ ਛੋਟੇ ਕਮਰੇ ਵਿਚ ਤਬਦੀਲ ਕਰ ਦਿੱਤਾ। ਹਿੰਦੂ ਭਾਈਚਾਰੇ ਦੇ ਇਕ ਸਥਾਨਕ ਨੇਤਾ ਰਮੇਸ਼ ਨੇ ਕਿਹਾ ਕਿ ਮੰਦਿਰ ਪ੍ਰਬੰਧਨ 'ਤੇ ਪਿਛਲੇ ਕੁਝ ਸਮੇਂ ਤੋਂ ਇਮਾਰਤ ਖਾਲੀ ਕਰਨ ਦਾ ਦਬਾਅ ਸੀ ਕਿਉਂਕਿ ਮੰਦਿਰ ਦੀ ਜ਼ਮੀਨ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਇਕ 'ਡਿਵੈਲਪਰ' ਨੂੰ ਵੇਚ ਦਿੱਤੀ ਗਈ ਸੀ ਅਤੇ ਉਹ ਵਪਾਰਕ ਇਮਾਰਤ ਬਣਾਉਣਾ ਚਾਹੁੰਦਾ ਹੈ। ਹਿੰਦੂ ਭਾਈਚਾਰੇ ਨੇ ਪਾਕਿਸਤਾਨ-ਹਿੰਦੂ ਕੌਂਸਲ, ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਅਤੇ ਸਿੰਧ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ।ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਸੂਬੇ ਵਿੱਚ ਵਸਦੀ ਹੈ। ਹਿੰਦੂ ਇੱਥੇ ਸਭ ਤੋਂ ਵੱਡੀ ਘੱਟ ਗਿਣਤੀ ਭਾਈਚਾਰਾ ਹੈ (ਪੀਟੀਆਈ-ਭਾਸ਼ਾ)