ਨੂਰਦਾਗੀ (ਤੁਰਕੀ): ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਮਰਨ ਵਾਲਿਆ ਦੀ ਗਿਣਤੀ 34,000 ਨੂੰ ਪਾਰ ਕਰ ਗਈ ਹੈ। ਬਚਾਅ ਕਾਰਜ ਜਾਰੀ ਹਨ। ਇਸ ਦੌਰਾਨ ਭਾਰਤ ਦੀ ਐਨਡੀਆਰਐਫ ਟੀਮ ਨੇ ਛੇ ਸਾਲਾਂ ਬੱਚੀ ਬੇਰੇਨ ਨੂੰ ਚਮਤਕਾਰੀ ਢੰਗ ਨਾਲ ਬਚਾ ਲਿਆ ਹੈ। ਰੋਮੀਓ ਅਤੇ ਜੂਲੀ ਨੇ ਵੀ ਇਸ ਸਾਹਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਰੋਮੀਓ ਅਤੇ ਜੂਲੀ NDRF ਟੀਮ ਦੇ ਕੁੱਤਿਆਂ ਦੀ ਟੀਮ ਦਾ ਹਿੱਸਾ ਹਨ।
ਰੋਮੀਓ ਅਤੇ ਜੂਲੀ ਨੇ ਕੀਤੀ ਮਦਦ :ਕਾਂਸਟੇਬਲ ਡੌਗ ਹੈਂਡਲਰ ਕੁੰਦਨ ਕੁਮਾਰ ਨੇ ਦੱਸਿਆ ਕਿ 'ਜੂਲੀ ਨੇ ਸਾਨੂੰ ਇਸ਼ਾਰਾ ਕੀਤਾ ਕਿ ਇੱਕ ਜ਼ਿੰਦਾ ਪੀੜਤ ਹੈ। ਜਿਸ ਤੋਂ ਬਾਅਦ ਅਸੀਂ ਦੂਜੇ ਕੁੱਤੇ ਰੋਮੀਓ ਨੂੰ ਵੀ ਚੈੱਕ ਕਰਵਾਇਆ, ਜਦੋਂ ਉਸ ਨੇ ਵੀ ਸੰਕੇਤ ਦਿੱਤਾ ਤਾਂ ਅਸੀਂ ਉੱਥੇ ਜਾ ਕੇ ਬੇਰੇਨ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਜਿੱਥੇ ਮਸ਼ੀਨਾਂ ਫੇਲ ਹੋ ਰਹੀਆਂ ਹਨ, ਉੱਥੇ ਰੋਮੀਓ ਅਤੇ ਜੂਲੀ ਮਦਦ ਕਰ ਰਹੇ ਹਨ। ਕੁੰਦਨ ਕੁਮਾਰ ਨੇ ਦੱਸਿਆ ਕਿ ਡੌਗ ਸਕੁਐਡ ਨੇ ਟਨ ਮਲਬੇ ਹੇਠੋਂ ਬੱਚੀ ਦਾ ਪਤਾ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਮਦਦ ਤੋਂ ਬਿਨਾਂ ਬੱਚੀ ਦੀ ਜਾਨ ਨਹੀਂ ਬਚ ਸਕਦੀ ਸੀ।