ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ 1992 'ਚ ਜਦੋਂ ਰਾਮ ਜਨਮ ਭੂਮੀ ਅੰਦੋਲਨ ਜ਼ੋਰ ਫੜ ਰਿਹਾ ਸੀ ਤਾਂ ਭਾਜਪਾ ਨੇਤਾ ਵਿਜੇ ਰਾਜੇ ਸਿੰਧੀਆ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੂੰ ਭਰੋਸਾ ਦਿੱਤਾ ਸੀ ਕਿ ਬਾਬਰੀ ਮਸਜਿਦ ਨੂੰ ਢਾਹੁਣ ਦੀ ਕੋਈ ਗੱਲ ਨਹੀਂ ਹੈ। ਉਸ ਨੇ ਸਿੰਧੀਆ ਦੀ ਗੱਲ ਨੂੰ ਆਪਣੇ ਮੰਤਰੀਆਂ ਦੀ ਸਲਾਹ ਦੇ ਵਿਰੁੱਧ ਵਿਸ਼ਵਾਸ ਕੀਤਾ। ਪਵਾਰ ਨੇ ਇਹ ਟਿੱਪਣੀ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦੀ ਕਿਤਾਬ 'ਹਾਊ ਪ੍ਰਾਈਮ ਮਿਨਿਸਟਰਸ ਡਿਸਾਈਡ' ਦੇ ਰਿਲੀਜ਼ ਮੌਕੇ ਕੀਤੀ। ਦੱਸ ਦਈਏ ਪਵਾਰ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਰੱਖਿਆ ਮੰਤਰੀ ਸਨ। ਉਨ੍ਹਾਂ ਨੇ ਕਿਹਾ ਕਿ ਉਹ ਤਤਕਾਲੀ ਗ੍ਰਹਿ ਮੰਤਰੀ ਅਤੇ ਗ੍ਰਹਿ ਸਕੱਤਰ ਦੇ ਨਾਲ ਮੀਟਿੰਗ ਵਿੱਚ ਮੌਜੂਦ ਸਨ।
ਐਨਸੀਪੀ ਮੁਖੀ ਨੇ ਕਿਹਾ, "ਮੰਤਰੀਆਂ ਦਾ ਇੱਕ ਸਮੂਹ ਸੀ ਅਤੇ ਮੈਂ ਉਨ੍ਹਾਂ ਵਿੱਚੋਂ ਇੱਕ ਸੀ, ਇਹ ਫੈਸਲਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਨੂੰ ਸਬੰਧਤ ਪਾਰਟੀ ਨੇਤਾਵਾਂ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ।" ਉਨ੍ਹਾਂ ਕਿਹਾ, 'ਉਸ ਮੀਟਿੰਗ ਵਿੱਚ ਵਿਜੇ ਰਾਜੇ ਸਿੰਧੀਆ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਸੀ ਕਿ ਬਾਬਰੀ ਮਸਜਿਦ ਨੂੰ ਕੁੱਝ ਨਹੀਂ ਹੋਵੇਗਾ।' ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਖੁੱਦ ਅਤੇ ਗ੍ਰਹਿ ਸਕੱਤਰ ਨੇ ਮਹਿਸੂਸ ਕੀਤਾ ਕਿ ਕੁੱਝ ਵੀ ਹੋ ਸਕਦਾ ਹੈ, ਪਰ ਰਾਓ ਨੇ ਸਿੰਧੀਆ 'ਤੇ ਭਰੋਸਾ ਕਰਨ ਦਾ ਫੈਸਲਾ ਕੀਤਾ।