ਨਵੀਂ ਦਿੱਲੀ :ਪਿਛਲੇ ਕੁਝ ਸਮੇਂ ਤੋਂ ਟਮਾਟਰ ਦੀਆਂ ਕੀਮਤਾਂ ਸੱਤਵੇਂ ਅਸਮਾਨ ਉੱਤੇ ਘੁੰਮ ਰਹੀਆਂ ਹਨ। ਬਾਜ਼ਾਰ ਵਿੱਚ ਟਮਾਟਰ 100 ਤੋਂ 200-250 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਟਮਾਟਰ ਦੀਆਂ ਵਧੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਐੱਨਸੀਸੀਐੱਫ ਨੇ ਕਈ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਵਿੱਚ ਪੇਟੀਐੱਮ, ਮੈਜਿਕਪਿਨ, ਮਾਈਸਟੋ, ਪਿਨਕੋਡ, ਸ਼ੈਡੋਫੈਕਸ ਅਤੇ ਸ਼ਿੱਪਰੌਕੇਟ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੇ ਗਾਹਕ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਨੈੱਟਵਰਕ ਰਾਹੀਂ ਸਸਤੇ 'ਚ ਟਮਾਟਰ ਖਰੀਦ ਸਕਦੇ ਹਨ।
ਓਐੱਨਡੀਸੀ ਦੇ ਐੱਮਡੀ ਅਤੇ ਸੀਈਓ ਟੀ ਕੋਸ਼ੀ ਨੇ ਕਿਹਾ :'ਦਿੱਲੀ NCR ਦੇ ਨਿਵਾਸੀਆਂ ਲਈ ਟਮਾਟਰਾਂ ਨੂੰ ਕਿਫਾਇਤੀ ਬਣਾਉਣ ਲਈ NCCF ਅਤੇ ਸਾਡੇ ਨੈੱਟਵਰਕ ਪ੍ਰਤੀਭਾਗੀਆਂ ਨਾਲ ਹੱਥ ਮਿਲਾਉਣ 'ਤੇ ਸਾਨੂੰ ਮਾਣ ਹੈ। ਇਹ ਪਹਿਲਕਦਮੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਅਤੇ ਜ਼ਰੂਰੀ ਵਸਤਾਂ ਨੂੰ ਸਾਰਿਆਂ ਲਈ ਪਹੁੰਚਯੋਗ ਰੱਖਣ ਵਿੱਚ ਸਹਿਯੋਗ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਕੰਮ ਵਿੱਚ ਲੋਕਾਂ ਦੀ ਮਦਦ ਕਰਨ ਦੇ ਯੋਗ ਹਾਂ।
ਦਿੱਲੀ ਐੱਨਸੀਆਰ ਵਿੱਚ ਰਹਿਣ ਵਾਲੇ ਖਪਤਕਾਰ ਹੁਣ 70 ਰੁਪਏ ਪ੍ਰਤੀ ਕਿਲੋ ਦੀ ਬਹੁਤ ਘੱਟ ਕੀਮਤ 'ਤੇ ਓਐੱਨਡੀਸੀ ਨੈੱਟਵਰਕ ਰਾਹੀਂ ਟਮਾਟਰ ਖਰੀਦ ਸਕਦੇ ਹਨ। ਆਨਲਾਈਨ 2 ਕਿਲੋ ਟਮਾਟਰ ਹੋਮ ਡਿਲੀਵਰੀ ਦੇ ਨਾਲ 140 ਰੁਪਏ ਵਿੱਚ ਉਪਲਬਧ ਹੋਵੇਗਾ। ਖਪਤਕਾਰ ਹਫ਼ਤੇ ਵਿੱਚ ਇੱਕ ਵਾਰ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਯਾਨੀ ਹਰ ਖਰੀਦਦਾਰ ਹਫ਼ਤੇ ਵਿੱਚ ਇੱਕ ਵਾਰ ਵੱਧ ਤੋਂ ਵੱਧ 2 ਕਿਲੋ ਟਮਾਟਰ ਖਰੀਦ ਸਕਦਾ ਹੈ।
ਐੱਨਸੀਸੀਐੱਫ ਦੇ ਮੈਨੇਜਿੰਗ ਡਾਇਰੈਕਟਰ ਅਨੀਸ ਜੋਸੇਫ ਚੰਦਰਾ ਨੇ ਕਿਹਾ-'ਅਸੀਂ ਇਸ ਪਹਿਲਕਦਮੀ ਲਈ ONDC ਨੈੱਟਵਰਕ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ। ਇਹ ਸਾਡੇ ਖਪਤਕਾਰਾਂ ਨੂੰ ਕਿਫਾਇਤੀ ਅਤੇ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਨ ਲਈ ਐੱਨਸੀਸੀਐੱਫ ਦੀ ਵਚਨਬੱਧਤਾ ਦੇ ਨਾਲ ਸੰਪੂਰਣ ਅਨੁਕੂਲਤਾ ਵਿੱਚ ਹੈ। ਓਐੱਨਡੀਸੀ ਨੈੱਟਵਰਕ ਦੀ ਵਿਆਪਕ ਪਹੁੰਚ ਅਤੇ ਅਤਿ-ਆਧੁਨਿਕ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ, ਸਾਨੂੰ ਦਿੱਲੀ/ਐਨਸੀਆਰ ਖੇਤਰ ਵਿੱਚ ਹਰ ਘਰ ਦੀ ਆਰਥਿਕ ਪਹੁੰਚ ਵਿੱਚ ਤਾਜ਼ੇ, ਉੱਚ-ਗੁਣਵੱਤਾ ਵਾਲੇ ਟਮਾਟਰਾਂ ਨੂੰ ਲਿਆਉਣ ਦੀ ਸਾਡੀ ਸਮਰੱਥਾ ਵਿੱਚ ਭਰੋਸਾ ਹੈ।'
ਸੀਪੀਆਈ ਜੂਨ ਦੇ ਮਹੀਨੇ ਵਿੱਚ 4.81 ਫੀਸਦ ਵਧਿਆ :ਮੌਨਸੂਨ ਵਿੱਚ ਦੇਰੀ, ਉੱਚ ਤਾਪਮਾਨ ਅਤੇ ਘੱਟ ਉਤਪਾਦਨ ਕਾਰਨ ਹਾਲ ਹੀ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਭਾਰੀ ਮੀਂਹ ਕਾਰਨ ਟਮਾਟਰਾਂ ਦੀਆਂ ਕੀਮਤਾਂ 'ਚ ਉਛਾਲ ਦੇਖਣ ਨੂੰ ਮਿਲਿਆ। ਸਿਰਫ ਟਮਾਟਰ ਹੀ ਨਹੀਂ ਸਗੋਂ ਸਬਜ਼ੀਆਂ ਦੇ ਭਾਅ ਵੀ ਪਿਛਲੇ ਕੁਝ ਸਮੇਂ ਤੋਂ ਵਧੇ ਹਨ। ਜਿਸ ਕਾਰਨ ਜੂਨ 'ਚ ਭਾਰਤ ਦਾ ਖਪਤਕਾਰ ਮੁੱਲ ਸੂਚਕ ਅੰਕ ਵਧ ਕੇ 4.81 ਫੀਸਦੀ ਹੋ ਗਿਆ ਹੈ, ਜੋ ਪਿਛਲੇ ਮਹੀਨੇ 4.31 ਫੀਸਦੀ ਸੀ।