ਹੈਦਰਾਬਾਦ: ਕਰੂਜ਼ ਡਰੱਗ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਉਰੋ (NCB) ਦੀ ਟੀਮ ਵੀਰਵਾਰ ਨੂੰ ਸ਼ਾਹਰੁਖ਼ ਖਾਨ ਦੇ ਘਰ ਮੰਨਤ ਪਹੁੰਚੀ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਗਏ ਸੀ, ਜੋ ਕਿ ਇੱਕ ਨਸ਼ੇ ਦੇ ਮਾਮਲੇ ਵਿੱਚ 17 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਸ਼ਾਹਰੁਖ ਦੇ ਘਰ ਪਹੁੰਚੀ ਅਤੇ ਡਰੱਗਜ਼ ਮਾਮਲੇ ਵਿੱਚ ਘਰ ਦੀ ਤਲਾਸ਼ੀ ਕੀਤੀ।
ਉੱਥੇ ਹੀ ਐਨਸੀਬੀ ਦੀ ਇੱਕ ਟੀਮ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦੇ ਘਰ ਵੀ ਪਹੁੰਚ ਗਈ ਹੈ। ਐਨਸੀਬੀ ਨੇ ਅਨੰਨਿਆ ਪਾਂਡੇ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਅਨੰਨਿਆ ਨੂੰ ਵੀਰਵਾਰ ਦੁਪਹਿਰ 2 ਵਜੇ ਐਨਸੀਬੀ ਦਫਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣਾ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਮੁੰਬਈ ਸੈਸ਼ਨ ਕੋਰਟ ਨੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਆਰੀਅਨ ਖਾਨ ਨੇ ਬੰਬੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ। ਇਸ ਦੇ ਨਾਲ ਹੀ ਵੀਰਵਾਰ ਨੂੰ ਅਦਾਲਤ ਨੇ ਆਰੀਅਨ ਖਾਨ ਦੀ ਅਰਜ਼ੀ 'ਤੇ ਸੁਣਵਾਈ ਲਈ 26 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਸ਼ੁੱਕਰਵਾਰ ਨੂੰ ਜਸਟਿਸ ਐਨਡਬਲਯੂ ਸਾਂਬਰੇ ਦੇ ਸਿੰਗਲ ਬੈਂਚ ਦੇ ਸਾਹਮਣੇ ਪਟੀਸ਼ਨ ਪੇਸ਼ ਕੀਤੀ ਅਤੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਵੱਲੋਂ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਅਨਿਲ ਸਿੰਘ ਨੇ ਅਗਲੇ ਹਫਤੇ ਤੱਕ ਦਾ ਸਮਾਂ ਮੰਗਿਆ।