ਨਵੀਂ ਦਿੱਲੀ: ਤਾਪਸ ਯੂਏਵੀ ਨੇ ਭਾਰਤੀ ਜਲ ਸੈਨਾ ਬੇਸ ਤੋਂ ਉਡਾਣ ਭਰਨ ਤੋਂ ਬਾਅਦ ਸਫਲ ਅਤੇ ਸੁਰੱਖਿਅਤ ਵਾਪਸੀ ਕੀਤੀ ਹੈ। ਸਵਦੇਸ਼ੀ ਤਕਨੀਕ ਨਾਲ ਬਣੀ ਤਾਪਸ ਯੂਏਵੀ ਦਾ ਨਿਰਮਾਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਭਾਵ ਡੀਆਰਡੀਓ ਦੁਆਰਾ ਕੀਤਾ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਬੈਂਗਲੁਰੂ ਵਿੱਚ ਹੋਏ ਏਰੋ ਇੰਡੀਆ ਸ਼ੋਅ ਦੌਰਾਨ ਤਾਪਸ ਯੂਏਵੀ ਡਰੋਨ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਡਰੋਨ ਦੀ ਤਾਰੀਫ ਕੀਤੀ ਸੀ। ਐਤਵਾਰ ਨੂੰ ਦਿੱਤੀ ਗਈ ਇੱਕ ਜਾਣਕਾਰੀ ਵਿੱਚ, ਡੀਆਰਡੀਓ ਨੇ ਕਿਹਾ ਕਿ ਉਸਨੇ ਭਾਰਤੀ ਜਲ ਸੈਨਾ ਦੇ ਸਹਿਯੋਗ ਨਾਲ ਆਈਐਨਐਸ ਸੁਭਦਰਾ ਦੇ ਇੱਕ ਰਿਮੋਟ ਗਰਾਊਂਡ ਸਟੇਸ਼ਨ ਤੋਂ ਤਾਪਸ ਯੂਏਵੀ ਦੀ ਕਮਾਂਡ ਅਤੇ ਕੰਟਰੋਲ ਸਮਰੱਥਾਵਾਂ ਦੇ ਤਬਾਦਲੇ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ।
Tapas UAV ਦਾ ਇਹ ਪ੍ਰਦਰਸ਼ਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਰੱਖਿਆ ਮੰਤਰਾਲੇ ਨੇ ਅਮਰੀਕਾ ਤੋਂ 31 ਹਾਈ ਅਲਟੀਟਿਊਡ ਲੋਂਗ ਐਂਡੂਰੈਂਸ ਪ੍ਰੀਡੇਟਰ ਡਰੋਨ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਆਰਡੀਓ ਨੇ ਕਿਹਾ ਕਿ ਤਾਪਸ ਨੇ ਏਅਰੋਨਾਟਿਕਲ ਟੈਸਟ ਰੇਂਜ (ਏ.ਟੀ.ਆਰ.), ਚਿਤਰਦੁਰਗਾ ਤੋਂ 07.35 'ਤੇ ਉਡਾਣ ਭਰੀ, ਜੋ ਕਿ ਕਰਵਰ ਨੇਵਲ ਬੇਸ ਤੋਂ 285 ਕਿਲੋਮੀਟਰ ਦੂਰ ਹੈ। ਭਾਰਤੀ ਤਕਨੀਕ 'ਤੇ ਆਧਾਰਿਤ ਇਸ UAV ਨੂੰ ਕੰਟਰੋਲ ਕਰਨ ਲਈ INS ਸੁਭਦਰਾ ਵਿਖੇ ਇੱਕ ਗਰਾਊਂਡ ਕੰਟਰੋਲ ਸਟੇਸ਼ਨ (GCS) ਅਤੇ ਦੋ ਸ਼ਿਪ ਡਾਟਾ ਟਰਮੀਨਲ (SDT) ਸਥਾਪਿਤ ਕੀਤੇ ਗਏ ਸਨ। ਟੈਸਟ ਤੋਂ ਬਾਅਦ, ਤਾਪਸ ਸਟੀਕਤਾ ਨਾਲ ਏਟੀਆਰ ਵਿੱਚ ਵਾਪਸ ਆ ਗਿਆ।