ਚੰਡੀਗੜ੍ਹ:ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਹੁਣ ਹੱਲ ਹੁੰਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧੇ ਵਾਰ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਕਿਤੇ ਨਾ ਕਿਤੇ ਨਰਮ ਹੁੰਦੇ ਨਜ਼ਰ ਆ ਰਹੇ ਹਨ। ਜਿਥੇ ਪਹਿਲਾਂ ਨਵਜੋਤ ਸਿੰਘ ਸਿੱਧੂ ਆਪਣੇ ਟਵੀਟਾਂ ਰਾਹੀ ਕੈਪਟਨ ਅਮਰਿੰਦਰ ਸਿੰਘ ’ਤੇ ਭੜਾਸ ਕੱਢਦੇ ਸਨ ਤਾਂ ਉਥੇ ਹੀ ਹੁਣ ਉਹਨਾਂ ਨੇ ਆਪਣੇ ਰੁਖ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਕਰ ਲਿਆ ਹੈ। ਇਹ ਵੀ ਪੜੋ: Punjab Electricity:ਸਿੱਧੂ ਨੇ ਕੇਜਰੀਵਾਲ 'ਤੇ ਪਹਿਲੀ ਵਾਰ ਬੋਲਿਆ ਸਿੱਧਾ ਹਮਲਾ
ਸਿੱਧੂ ਦਾ ਕੇਜਰੀਵਾਲ ਵੱਲ ਰੁੱਖ
ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਦੇ ਜਰੀਏ ਕੇਜਰੀਵਾਲ 'ਤੇ ਪਹਿਲੀ ਵਾਰ ਸਵਾਲ ਚੁੱਕਦੇ ਬਿਜਲੀ ਸੰਕਟ ਨੂੰ ਲੈ ਕੇ ਅਕਾਲੀ ਦਲ ਨੂੰ ਆਪਣੇ ਅੰਦਾਜ਼ ਵਿੱਚ ਰਗੜਿਆ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ, ਪੰਜਾਬ ਦੀ ਤਬਾਹੀ ਸਾਫ਼ ਨਜ਼ਰ ਆ ਰਹੀ ਹੈ। ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜੀਵਨ ਰੇਖਾ ਸਾਡੇ ਥਰਮਲ ਪਾਵਰ ਪਲਾਂਟ ਪੰਜਾਬ ਦੇ ਬਿਜਲੀ ਸੰਕਟ ਦੇ ਮੱਧ ਵਿੱਚ ਬੰਦ ਹੋ ਜਾਣ ਅਤੇ ਇਸ ਗਰਮੀ ਵਿੱਚ ਪੰਜਾਬੀਆਂ ਨੂੰ ਬੇਸਹਾਰਾ ਛੱਡ ਦਿੱਤਾ ਜਾਵੇ ਅਤੇ ਸਾਡੇ ਕਿਸਾਨ ਇਸ ਝੋਨੇ ਦੀ ਬਿਜਾਈ ਵਿੱਚ ਦੁੱਖ ਝੱਲਣ। ਸੀਜ਼ਨ !!
ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਉਨ੍ਹਾਂ ਕਿਹਾ ਕਿ ਇਸ ਦੌਰਾਨ ਬਾਦਲਾਂ ਨੇ ਪੀ.ਪੀ.ਏ 'ਤੇ ਥਰਮਲ ਪਾਵਰ ਪਲਾਂਟ ਨਾਲ ਦਸਤਖਤ ਕੀਤੇ ਅਤੇ ਮਜੀਠੀਆ ਨੇ ਰੈਨੇਵੈਬਲ ਊਰਜਾ ਮੰਤਰੀ (2015-17) ਦੇ ਤੌਰ 'ਤੇ ਪੀ.ਪੀ.ਏ. 'ਤੇ ਦਸਤਖਤ ਕੀਤੇ। ਜਿਸ ਦੌਰਾਨ 25 ਸਾਲ ਲਈ ਸੂਰਜੀ ਊਰਜਾ 5.97 ਤੋਂ 17.91 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸੀ। ਇਹ ਪੰਜਾਬ ਦੀ ਲੁੱਟ ਸੀ। ਪੰਜਾਬ ਜਾਣਦਾ ਹੈ ਕਿ 2010 ਤੋਂ ਸੂਰਜੀ ਊਰਜਾ ਦੀ ਕੀਮਤ ਪ੍ਰਤੀ ਸਾਲ 18% ਘੱਟ ਰਹੀ ਹੈ ਅਤੇ ਅੱਜ 1.99 ਰੁਪਏ ਪ੍ਰਤੀ ਯੂਨਿਟ ਹੈ।
ਪਹਿਲਾਂ ਕੈਪਟਨ ਨੂੰ ਕਰਦੇ ਸਨ ਸਵਾਲ
ਜਿਥੇ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸੰਕਟ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਸਵਾਲ ਖੜੇ ਕੀਤੇ ਹਨ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸੰਕਟ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ’ਤੇ ਸਵਾਲ ਖੜੇ ਕੀਤੇ ਸਨ। ਉਹਨਾਂ ਨੇ ਇਸ ਤੋਂ ਪਹਿਲਾਂ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ‘ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਇਨ੍ਹਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਿਤ ਹਨ, ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਰਾਹ "ਪੰਜਾਬ ਵਿਧਾਨ ਸਭਾ ਵਲੋਂ ਨਵਾਂ ਕਾਨੂੰਨ ਬਨਾਉਣਾ ਹੀ ਹੈ”, ਜੋ ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ।’
ਉਥੇ ਹੀ ਉਹਨਾਂ ਨੇ ਇਹ ਹੋਰ ਟਵੀਟ ਕਰਦੇ ਲਿਖਿਆ ‘ਵਿਧਾਨ ਸਭਾ ਵਿੱਚ ਬਿਜਲੀ ਖਰੀਦ ਸਮਝੌਤਿਆਂ ਉੱਤੇ ਸਫੈਦ-ਪੱਤਰ (White-Paper) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਭ੍ਰਿਸ਼ਟ ਸਮਝੌਤਿਆਂ ਨੂੰ ਕਲਮਬੱਧ ਕਰਨ ਵਾਲੇ ਬਾਦਲਾਂ ਤੇ ਹੋਰਾਂ ਨੂੰ ਲੋਕਾਂ ਦੀ ਕਚਿਹਰੀ 'ਚ ਜੁਆਬਦੇਹ ਬਣਾਇਆ ਜਾ ਸਕੇ... ਮੈਂ ਇਸਦੀ ਮੰਗ 2017 ਤੋਂ ਕਰ ਰਿਹਾ ਹਾਂ ਪਰ ਇਸ ਮਹਿਕਮੇ ਵਿੱਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਗਾ ਰੱਖਿਆ ਹੈ।
ਹਾਂਲਾਕਿ ਇਸ ਤੋਂ ਪਹਿਲਾਂ ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ’ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਹਨ, ਸਿੱਧੂ ਲਗਾਤਾਰ ਟੀਵਟ ਤੇ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰ ਰਹੇ ਕਿ ਬੇਅਦਬੀ ਮਾਮਲੇ ਵਿੱਚ ਇਨਸਾਫ ਕਦੋਂ ਮਿਲੇਗਾ।
ਦੱਸ ਦਈਏ ਕਿ ਬੇਅਦਬੀ ਮਾਮਲੇ ਦੀ ਹਾਈਕੋਰਟ ਵੱਲੋਂ ਰਿਪੋਰਟ ਖਾਰਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕਲੇਸ਼ ਵਧਦਾ ਹੀ ਜਾ ਰਿਹਾ ਸੀ। ਨਵਜੋਤ ਸਿੰਘ ਸਿੱਧੂ ਆਏ ਦਿਨੀਂ ਇਸ ਮਸਲੇ ਨੂੰ ਲੈ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਸਨ। ਉਥੇ ਹੀ ਹੁਣ ਹਾਈਕਮਾਨ ਵੱਲੋਂ ਇਸ ਮਾਮਲੇ ਵਿੱਚ ਦਖਲ ਦਿੱਤਾ ਗਿਆ ਹੈ ਤੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਆਪਣੀ ਰਿਪੋਰਟ ਪੇਸ਼ ਕੀਤੀ ਸੀ।
ਸੋ ਹੁਣ ਲੱਗ ਰਿਹਾ ਹੈ ਕਿ ਹਾਈਕਮਾਨ ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਵਿੱਚ ਸਫ਼ਲ ਹੋ ਗਿਆ ਹੈ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਰੁਖ ਨਰਮ ਹੋ ਗਿਆ ਹੈ ਤੇ ਉਹ ਹੁਣ ਦੂਜੀਆਂ ਪਾਰਟੀਆਂ ਵੱਲ ਹੋ ਗਏ ਹਨ।
ਇਹ ਵੀ ਪੜੋ: ਮੋਦੀ ਸਰਕਾਰ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਨਵਾਂ ਬਿਆਨ