ਨਵੀਂ ਦਿੱਲੀ: ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦੌਰਾਨ ਪੱਗ ਨਾ ਬੰਨ੍ਹਣ ਦਾ ਮਾਮਲਾ ਜ਼ੋਰ ਫੜਨ ਲੱਗਾ ਹੈ। ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਸੱਤ ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ।
ਕਮਿਸ਼ਨ ਨੇ ਮੁੱਖ ਸਕੱਤਰ ਅਨਿਰੁਧ ਤਿਵਾਰੀ ਨੂੰ ਨੋਟਿਸ ਭੇਜਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਤੇਜਿੰਦਰ ਬੱਗਾ ਨੂੰ ਗ੍ਰਿਫਤਾਰੀ ਦੌਰਾਨ ਪੱਗ ਨਾ ਬੰਨ੍ਹਣ ਦੇਣਾ ਬਹੁਤ ਗਲਤ ਹੈ। ਇਹ ਸਿੱਖ ਧਰਮ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸੱਤ ਦਿਨਾਂ ਦੇ ਅੰਦਰ ਇਸ ਮਾਮਲੇ ਦੀ ਰਿਪੋਰਟ ਪੇਸ਼ ਕਰੋ। ਦਰਅਸਲ ਪੰਜਾਬ ਪੁਲਿਸ ਵੱਲੋਂ ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।
ਦੱਸ ਦੇਈਏ ਕਿ ਤਜਿੰਦਰ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।