ਮੁਜ਼ੱਫਰਨਗਰ/ਉੱਤਰ ਪ੍ਰਦੇਸ਼:ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇ ਵੀਰਵਾਰ ਨੂੰ ਮੁਜ਼ੱਫਰਨਗਰ ਜ਼ਿਲੇ ਦੇ ਪਿੰਡ ਸੂਰਮ 'ਚ 'ਮਹਾਪੰਚਾਇਤ' ਬੁਲਾਈ ਹੈ, ਜਿਸ 'ਚ ਪਹਿਲਵਾਨਾਂ ਦੇ ਚੱਲ ਰਹੇ ਵਿਰੋਧ ਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ ਅਤੇ ਇਸ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਯੂਪੀ, ਹਰਿਆਣਾ, ਰਾਜਸਥਾਨ, ਉਤਰਾਖੰਡ ਅਤੇ ਪੰਜਾਬ ਦੇ ਖਾਪ ਅਤੇ ਕਿਸਾਨ ਆਗੂ ਹਿੱਸਾ ਲੈਣ ਜਾ ਰਹੇ ਹਨ। ਹਾਲਾਂਕਿ ਵਿਰੋਧ ਕਰ ਰਹੇ ਪਹਿਲਵਾਨ ਇਸ ਮਹਾਪੰਚਾਇਤ 'ਚ ਹਿੱਸਾ ਨਹੀਂ ਲੈਣਗੇ। ਫਿਰ ਵੀ ਸਾਰਿਆਂ ਦੀਆਂ ਨਜ਼ਰਾਂ ਇਸ ਮਹਾਪੰਚਾਇਤ 'ਤੇ ਹੋਣਗੀਆਂ।
ਖਾਪ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਚਾਹੁੰਦੀ: ਸਰਵ ਖਾਪ (ਖਾਪਾਂ ਦੀ ਛਤਰੀ ਸੰਸਥਾ) ਦੇ ਸਕੱਤਰ ਸੁਭਾਸ਼ ਬਲਯਾਨ ਨੇ ਕਿਹਾ, ਭਾਰਤ ਵਿੱਚ 365 ਖਾਪ ਹਨ, ਅਤੇ ਅਸੀਂ ਉਨ੍ਹਾਂ ਸਾਰਿਆਂ ਦੀ ਜਾਣਕਾਰੀ ਫੋਨ ਅਤੇ ਫੇਸਬੁੱਕ 'ਤੇ ਵੀ ਦਿੱਤੀ ਹੈ। ਪੱਛਮੀ ਯੂ.ਪੀ ਦੇ ਕੁੱਲ 28 ਖਾਪ - ਜਿਵੇਂ ਬਲਿਆਨ, ਦੇਸ਼ਵਾਲ, ਰਾਠੀ, ਨਿਰਵਾਲ, ਪੰਵਾਰ, ਬੈਨੀਵਾਲ ਹੁੱਡਾ, ਲਾਟੀਅਨ, ਘਾਟੀਆਂ, ਅਹਲਾਵਤ ਆਦਿ - ਪੰਚਾਇਤ ਵਿੱਚ ਸ਼ਾਮਲ ਹੋਣਗੇ। ਬਲਿਆਨ ਖਾਪ ਦੇ ਮੁਖੀ ਨਰੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਹ ਵਿਵਾਦ ਤੁਰੰਤ ਖ਼ਤਮ ਹੋ ਸਕਦਾ ਹੈ। ਖਾਪ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਚਾਹੁੰਦੀ ਹੈ।
ਮਮਤਾ ਬੈਨਰਜੀ ਦਾ ਸਮਰਥਨ:ਪਹਿਲਵਾਨਾਂ ਦੇ ਸਮਰਥਨ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਹਜ਼ਾਰਾ ਮੋੜ ਤੋਂ ਰਬਿੰਦਰ ਸਦਨ ਤੱਕ ਰੈਲੀ ਕੱਢੀ। ਬੈਨਰਜੀ ਨੇ ਆਪਣੇ ਹੱਥਾਂ ਵਿੱਚ ਇੱਕ ਤਖ਼ਤੀ ਫੜੀ ਹੋਈ ਸੀ ਜਿਸ ਉੱਤੇ ਲਿਖਿਆ ਸੀ “ਸਾਨੂੰ ਇਨਸਾਫ਼ ਚਾਹੀਦਾ ਹੈ”। ਇਸ ਦੌਰਾਨ ਉਨ੍ਹਾਂ ਕਿਹਾ ਕਿ, 'ਸਾਡੀ ਟੀਮ ਪਹਿਲਵਾਨਾਂ ਨੂੰ ਮਿਲਣ ਲਈ ਜਾਵੇਗੀ ਅਤੇ ਉਨ੍ਹਾਂ ਦਾ ਸਾਥ ਦੇਵੇਗੀ। ਅਸੀਂ ਤੁਹਾਡੇ ਨਾਲ ਹਾਂ, ਇਸੇ ਲਈ ਅੱਜ ਅਸੀਂ ਇਹ ਰੈਲੀ ਕੱਢੀ ਹੈ। ਇਹ ਭਲਕੇ ਵੀ ਜਾਰੀ ਰਹੇਗਾ। ਪਹਿਲਵਾਨ ਸਾਡੇ ਦੇਸ਼ ਦਾ ਮਾਣ ਹਨ। ਪਹਿਲਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਇਸ ਨਾਲ ਵਿਸ਼ਵ ਪੱਧਰ 'ਤੇ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਮੈਂ ਉਨ੍ਹਾਂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਲਈ ਕਿਹਾ ਹੈ।'
ਮੰਗਲਵਾਰ ਨੂੰ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਕੁਝ ਚੋਟੀ ਦੇ ਪਹਿਲਵਾਨ ਅਤੇ ਏਸ਼ੀਆਈ ਖੇਡਾਂ ਦੀ ਚੈਂਪੀਅਨ ਵਿਨੇਸ਼ ਫੋਗਾਟ ਸੈਂਕੜੇ ਸਮਰਥਕਾਂ ਨਾਲ ਹਰਿਦੁਆਰ 'ਚ ਗੰਗਾ ਦੇ ਕਿਨਾਰੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਆਪਣੇ ਤਗਮੇ ਗੰਗਾ 'ਚ ਸੁੱਟਣ ਦੀ ਧਮਕੀ ਦਿੱਤੀ, ਪਰ ਖਾਪ ਅਤੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਮਨਾ ਲਿਆ। ਖਾਪ ਆਗੂਆਂ ਨੇ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਪੰਜ ਦਿਨਾਂ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਉਹ ਵੱਡਾ ਫੈਸਲਾ ਲੈਣਗੇ। (IANS)