ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਅਣਜਾਣ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ਉੱਤੇ ਰੱਖਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਉੱਤੇ ਬਣਨ ਵਾਲੇ ਨੇਤਾ ਜੀ ਨੂੰ ਸਮਰਪਿਤ ਕੌਮੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ।
ਇਨ੍ਹਾਂ ਵੀਰਾਂ ਦੇ ਨਾਮ ਉੱਤੇ ਰੱਖੇ ਗਏ ਟਾਪੂਆਂ ਦੇ ਨਾਂਅ:ਪੀਐਮ ਮੋਦੀ ਨੇ ਜਿਨ੍ਹਾਂ ਪਰਮਵੀਰ ਚੱਕਰ ਜੇਤੂਆਂ ਦੇ ਨਾਮ ਉੱਤੇ ਟਾਪੂਆਂ ਦੇ ਨਾਮ ਰੱਖੇ ਹਨ, ਉਨ੍ਹਾਂ ਚੋਂ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ, ਕੈਪਟਨ ਜੀਐਸ ਸਲਾਰੀਆ, ਲੈਫਟੀਨੇਂਟ ਕਰਨਲ ਧਾਨ ਸਿੰਘ ਥਾਪਾ, ਸੂਬੇਦਾਰ ਜੋਗਿੰਦਰ ਸਿੰਘ, ਮੇਜਰ ਸ਼ੈਤਾਨ ਸਿੰਘ, ਕੰਪਨੀ ਕਵਾਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ, ਲੈਫਟੀਨੇਂਟ ਕਰਨਲ ਅਰਦੇਸ਼ਿਰ ਬੁਜ਼ੋਰਜੀ ਤਾਰਾਪੋਰ, ਲਾਂਸ ਨਾਇਕ ਅਲਬਰਟ ਏੱਕਾ, ਮੇਜਰ ਹੋਸ਼ਿਆਰ ਸਿੰਘ, ਸੈਕੰਡ ਲੈਫਟੀਨੇਂਟ ਅਰੁਣ ਖੇਤਪਾਲ, ਫਲਾਇੰਗ ਅਫਸਰ ਨਿਰਮਲ ਸਿੰਘ ਸੇਖੋਂ, ਮੇਜਰ ਪਰਮੇਸ਼ਵਰਮ, ਨਾਇਬ ਸੂਬੇਦਾਰ ਬਨਾ ਸਿੰਘ, ਕੈਪਟਨ ਵਿਕਰਮ ਬਤਰਾ, ਲੈਫਟੀਨੇਂਟ ਮਨੋਜ ਕੁਮਾਰ ਪਾਂਡੇ, ਸੂਬੇਦਾਰ ਮੇਜਰ ਸੰਜੇ ਕੁਮਾਰ ਅਤੇ ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਨਾਮ ਸ਼ਾਮਲ ਹਨ।
ਇੱਥੇ ਪਹਿਲੀ ਵਾਰ ਫਹਿਰਾਇਆ ਗਿਆ ਸੀ ਤਿਰੰਗਾ: ਪੀਐਮ ਮੋਦੀ ਨੇ ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਉਹੀ ਧਰਤੀ ਹੈ, ਜਿੱਥੇ ਪਹਿਲੀ ਵਾਰ ਤਿਰੰਗਾ ਫਹਿਰਾਇਆ ਗਿਆ ਸੀ। ਇਸ ਪ੍ਰਗੋਰਾਮ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਉੱਤੇ ਬਣਾਏ ਜਾਣ ਵਾਲੇ ਨੇਤਾਜੀ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਉਦਘਾਟਨ ਵੀ ਕੀਤਾ। ਦੱਸ ਦਈਏ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮਦਿਨ 23 ਜਨਵਰੀ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਪੀਐਮਓ ਮੁਤਾਬਕ, ਟਾਪੂਆਂ ਦਾ ਇਹ ਨਾਮ ਬਦਲਣਾ ਉਨ੍ਹਾਂ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਲਈ ਸਰਬੋਤਮ ਕੁਰਬਾਨੀ ਦਿੱਤੀ ਹੈ। ਸਾਲ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇਤਿਹਾਸਕ ਮਹਤੱਤਾ ਦੀ ਯਾਦ ਵਿੱਚ ਰਾਸ ਟਾਪੂ ਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ। ਇਸੇ ਤਰ੍ਹਾਂ ਨੀਲ ਟਾਪੂ ਦਾ ਨਾਂਅ ਬਦਲ ਕੇ ਸ਼ਹੀਦ ਦੀਪ ਅਤੇ ਹੈਵਲੌਕ ਟਾਪੂ ਦਾ ਨਾਂਅ ਬਦਲ ਕੇ ਸਵਰਾਜ ਟਾਪੂ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:26 ਜਨਵਰੀ ਦੀ ਪਰੇਡ 'ਚ ਨਹੀਂ ਦਿਖੇਗੀ ਪੰਜਾਬ ਦੀ ਝਾਕੀ, ਭਾਜਪਾ ਆਗੂ ਵਿਜੈ ਰੂਪਾਨੀ ਨੇ ਦੱਸਿਆ ਇਹ ਕਾਰਨ