ਫ਼ਰੀਦਬਾਦ: ਅਰਾਵਲੀ ਪਹਾੜਾਂ ਦੀ ਇਹ ਖੂਨੀ ਝੀਲ ਜਿੰਨੀ ਸ਼ਾਂਤ ਅਤੇ ਖੂਬਸੂਰਤ ਵਿਖਾਈ ਦੇ ਰਹੀ ਹੈ, ਇਸ ਦਾ ਇਤਿਹਾਸ ਉਨਾਂ ਹੀ ਖ਼ਤਰਨਾਕ ਹੈ। ਸਾਫ ਪਾਣੀ ਨੂੰ ਵੇਖ ਕੇ ਤੁਹਾਡਾ ਵੀ ਮਨ ਇਸ ਝੀਲ ਵਿੱਚ ਗੋਤੇ ਲਗਾਉਣ ਲਈ ਕਰੇਗਾ, ਪਰ ਕਿਹਾ ਜਾਂਦਾ ਹੈ ਕਿ ਅੱਜ ਤੱਕ ਜੇ ਕੋਈ ਅਣਜਾਣ ਵਿਅਕਤੀ ਇਸ ਝੀਲ 'ਚ ਗਿਆ ਹੈ, ਤਾਂ ਉਹ ਕਦੇ ਵੀ ਵਾਪਸ ਨਹੀਂ ਆਇਆ।
ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਦੀ ਗੋਦ ਵਿੱਚ ਬਣੀ ਇਸ ਝੀਲ ਨੂੰ ਵੇਖ ਕੇ ਤੁਹਾਨੂੰ ਸਭ ਕੁਝ ਆਮ ਲੱਗੇਗਾ। ਝੀਲ ਵਿੱਚ ਭਰਿਆ ਪਾਣੀ ਵੀ ਤੁਹਾਨੂੰ ਆਪਣੇ ਵੱਲ ਇਸ ਤਰ੍ਹਾਂ ਖਿੱਚੇਗਾ ਕਿ ਤੁਸੀਂ ਆਪਣੇ ਆਪ ਨੂੰ ਪਾਣੀ ਵਿੱਚ ਜਾਣ ਤੋਂ ਰੋਕ ਨਹੀਂ ਸਕੋਗੇ, ਪਰ ਝੀਲ ਦੇ ਪਾਣੀ ਵਿੱਚ ਜਾਣ ਤੋਂ ਬਾਅਦ, ਸਭ ਕੁਝ ਅਸਾਧਾਰਣ ਹੋ ਜਾਂਦਾ ਹੈ। ਇਹ ਸ਼ਾਂਤ ਦਿਖਾਈ ਦੇਣ ਵਾਲਾ ਠੰਡਾ ਪਾਣੀ ਤੁਹਾਡੀ ਜ਼ਿੰਦਗੀ ਖੋਹ ਸਕਦਾ ਹੈ।
ਸਥਾਨਕ ਵਾਸੀ ਅਨਿਲ ਨੇ ਦੱਸਿਆ ਕਿ ਜਦੋਂ ਤੁਸੀਂ ਇੱਥੇ ਆਉਂਦੇ ਹੋ ਅਤੇ ਇਸ ਝੀਲ ਨੂੰ ਵੇਖਦੇ ਹੋ, ਇਹ ਜਗ੍ਹਾ ਬਹੁਤ ਵਧੀਆ ਲੱਗਦੀ ਹੈ, ਮਨ ਕਰਦਾ ਹੈ ਕਿ ਇੱਥੇ ਹੀ ਰਹਿਣ ਲੱਗ ਜਾਈਏ, ਕਿਉਂਕਿ ਇੱਥੇ ਚਾਰੇ ਪਾਸੇ ਪਹਾੜ ਹਨ, ਇੱਥੇ ਦਾ ਨਜ਼ਾਰਾ ਕਾਫ਼ੀ ਵਧੀਆ ਹੈ।
ਨੌਜਵਾਨਾਂ ਨੂੰ ਇਸ ਝੀਲ ਦੀ ਜਾਣਕਾਰੀ ਇੰਟਰਨੈਟ ਜ਼ਰੀਏ ਮਿਲਦੀ ਹੈ। ਦਿੱਲੀ ਅਤੇ ਆਸ ਪਾਸ ਬਣੇ ਕਾਲਜਾਂ ਵਿਚ ਪੜ੍ਹ ਰਹੇ ਨੌਜਵਾਨ ਇੰਟਰਨੈੱਟ ਉੱਤੇ ਇਸ ਝੀਲ ਬਾਰੇ ਭਾਲ ਕਰਨ ਤੋਂ ਬਾਅਦ ਇਸ ਝੀਲ 'ਤੇ ਰੋਮਾਂਚ ਕਰਨ ਲਈ ਆਉਂਦੇ ਹਨ। ਇਸ ਝੀਲ ਦਾ ਨਾਮ ਇੰਟਰਨੈੱਟ ਉੱਤੇ 'ਡੈਥ ਵੈਲੀ' ਯਾਨੀ 'ਖੂਨੀ ਝੀਲ' ਦੇ ਨਾਮ ਨਾਲ ਮਸ਼ਹੂਰ ਹੈ।
ਇੱਥੇ ਘੁੰਮਣ ਆਏ ਯਸ਼ ਨੇ ਕਿਹਾ ਕਿ ਹਰ ਇਕ ਨੂੰ ਕੁਝ ਨਵਾਂ ਕਰਨਾ ਹੈ, ਜੋ ਵੀ ਟਰੈਂਡ ਵਿੱਚ ਚੱਲ ਰਿਹਾ ਹੈ, ਲੋਕ ਉਹੀ ਕਰਦੇ ਹਨ, ਜਿਵੇਂ ਡੈਥ ਵੈਲੀ ਟਰੈਂਡਿੰਗ ਵਿੱਚ ਚੱਲ ਰਹੀ ਹੈ, ਫਿਰ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ।