ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ-ਨਾਲ ਇਕ ਚੌਕੀ ਨੇੜੇ ਗਸ਼ਤ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ 'ਚ ਇਕ ਅਧਿਕਾਰੀ ਸਮੇਤ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਖੇਤਰ 'ਚ ਉਸ ਸਮੇਂ ਹੋਇਆ ਜਦੋਂ ਫੌਜ ਦੀ ਟੁਕੜੀ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਦੇ ਉਪਾਵਾਂ ਦਾ ਜਾਇਜ਼ਾ ਲੈਣ ਲਈ ਗਸ਼ਤ 'ਤੇ ਸੀ।
ਜੰਮੂ 'ਚ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਸ਼ਨੀਵਾਰ ਨੂੰ ਨੌਸ਼ਹਿਰਾ ਸੈਕਟਰ 'ਚ ਬਾਰੂਦੀ ਸੁਰੰਗ ਧਮਾਕੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਦੋ ਜਵਾਨਾਂ ਨੂੰ ਤੁਰੰਤ ਨੇੜੇ ਦੇ ਫੌਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਬਾਅਦ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਇਕ ਹੋਰ ਜਵਾਨ ਵੀ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੇ ਸਰਹੱਦ ਪਾਰ ਤੋਂ ਘੁਸਪੈਠ ਨੂੰ ਰੋਕਣ ਲਈ ਉਸ ਥਾਂ 'ਤੇ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਹਨ, ਜਿੱਥੇ ਧਮਾਕਾ ਹੋਇਆ ਸੀ। ਆਨੰਦ ਨੇ ਦੱਸਿਆ ਕਿ ਸ਼ਹੀਦ ਹੋਏ ਜਵਾਨਾਂ ਦੀ ਪਛਾਣ ਲੈਫਟੀਨੈਂਟ ਰਿਸ਼ੀ ਕੁਮਾਰ ਅਤੇ ਸਿਪਾਹੀ ਮਨਜੀਤ ਸਿੰਘ ਵਜੋਂ ਹੋਈ ਹੈ। ਲੈਫਟੀਨੈਂਟ ਕੁਮਾਰ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਸੀ ਜਦਕਿ ਸਿਪਾਹੀ ਸਿੰਘ ਬਠਿੰਡਾ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜ਼ਖਮੀ ਜਵਾਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।