ਲਖਨਊ : ਗੋਮਤੀਨਗਰ ਇਲਾਕੇ 'ਚ ਸ਼ਨੀਵਾਰ ਦੇਰ ਰਾਤ ਇਕ ਹਜ਼ਾਰ ਰੁਪਏ ਨੂੰ ਲੈ ਕੇ ਹੋਏ ਝਗੜੇ 'ਚ ਦੋ ਦੋਸਤਾਂ ਨੇ ਦੋਸਤ ਦੇ ਘਰ ਪਾਰਟੀ ਕਰ ਰਹੇ ਇੰਟਰ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। 12ਵੀਂ ਜਮਾਤ ਦਾ ਵਿਦਿਆਰਥੀ ਆਕਾਸ਼ ਕਸ਼ਯਪ (19 ਸਾਲ) ਆਪਣੇ ਦੋਸਤ ਦੇ ਘਰ ਪਾਰਟੀ ਕਰਨ ਗਿਆ ਸੀ। ਉਥੇ ਉਸ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ। ਆਕਾਸ਼ ਨੂੰ ਉਸਦੇ ਦੋਸਤ ਲੋਹੀਆ ਹਸਪਤਾਲ ਲੈ ਗਏ। ਡਾਕਟਰਾਂ ਨੇ ਵਿਦਿਆਰਥੀ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਕੇਜੀਐਮਯੂ ਟੋਮਾ ਸੈਂਟਰ ਰੈਫਰ ਕਰ ਦਿੱਤਾ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮ ਫਰਾਰ ਹਨ। ਕਾਤਲਾਂ ਨੂੰ ਫੜਨ ਲਈ ਪੁਲਿਸ ਦੀਆਂ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਰਾਤ 10 ਵਜੇ ਦੋਸਤ ਲੈ ਕੇ ਗਿਆ ਸੀ ਪਾਰਟੀ ਲਈ :ਪੂੜੀ ਵੇਚਣ ਵਾਲਾ ਜਗਦੀਸ਼ ਆਪਣੇ ਪਰਿਵਾਰ ਨਾਲ ਗਾਜ਼ੀਪੁਰ ਦੇ ਸੰਜੇ ਗਾਂਧੀਪੁਰਮ ਇਲਾਕੇ 'ਚ ਰਹਿੰਦਾ ਹੈ। ਉਸਦਾ ਪੁੱਤਰ ਆਕਾਸ਼ ਕਸ਼ਯਪ ਸੇਂਟ ਪੀਟਰ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਪਿਤਾ ਜਗਦੀਸ਼ ਅਨੁਸਾਰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰਹਿਣ ਵਾਲਾ ਆਕਾਸ਼ ਦਾ ਦੋਸਤ ਜੈ ਸ਼ਨੀਵਾਰ ਰਾਤ 10 ਵਜੇ ਉਨ੍ਹਾਂ ਦੇ ਘਰ ਆਇਆ ਸੀ। ਉਹ ਬੇਟੇ ਆਕਾਸ਼ ਨੂੰ ਆਪਣੇ ਨਾਲ ਇੱਕ ਪਾਰਟੀ ਵਿੱਚ ਲੈ ਗਿਆ। ਗੋਮਤੀ ਨਗਰ 'ਚ ਜੁਗੌਲੀ ਰੇਲਵੇ ਕਰਾਸਿੰਗ ਨੇੜੇ ਰਹਿਣ ਵਾਲੇ ਅਵਨੀਸ਼ ਨੇ ਆਪਣੇ ਚਾਰ ਦੋਸਤਾਂ ਨੂੰ ਪਾਰਟੀ ਲਈ ਘਰ ਬੁਲਾਇਆ।
1000 ਰੁਪਏ ਮੰਗਣ ਉਤੇ ਹੋਇਆ ਝਗੜਾ :ਪਾਰਟੀ 'ਚ ਆਕਾਸ਼, ਅਭੈ, ਅਵਨੀਸ਼ ਸਮੇਤ ਚਾਰ ਲੋਕ ਸ਼ਾਮਲ ਹੋਏ। ਪਾਰਟੀ ਦੇ ਵਿਚਕਾਰ ਅਭੈ ਨੇ ਆਕਾਸ਼ ਤੋਂ ਇਕ ਹਜ਼ਾਰ ਰੁਪਏ ਮੰਗੇ ਅਤੇ ਇਸ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੋਸਤਾਂ ਨੇ ਪਾਰਟੀ ਵਿਚਾਲੇ ਹੀ ਮਾਮਲਾ ਸ਼ਾਂਤ ਕਰਵਾਇਆ, ਪਰ ਕੁਝ ਦੇਰ ਬਾਅਦ ਅਭੈ ਨੇ ਅਚਾਨਕ ਚਾਕੂ ਲੈ ਕੇ ਆਕਾਸ਼ 'ਤੇ ਕਈ ਵਾਰ ਕੀਤੇ। ਇਸ ਵਿੱਚ ਆਕਾਸ਼ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਬੇਟੇ ਨੂੰ ਜਨਮ ਦਿਨ 'ਤੇ ਦਿਵਾਉਮੀ ਸੀ ਬਾਈਕ: ਪਿਤਾ ਜਗਦੀਸ਼ ਨੇ ਦੱਸਿਆ ਕਿ ਪਰਿਵਾਰ 'ਚ ਪਤਨੀ ਰਾਧਾ ਦੇਵੀ, ਪੁੱਤਰ ਵਿਕਾਸ ਅਤੇ ਲੱਕੀ ਹਨ। ਆਕਾਸ਼ ਸਭ ਤੋਂ ਛੋਟਾ ਸੀ, ਉਸ ਦਾ ਜਨਮ ਦਿਨ 24 ਜੂਨ ਨੂੰ ਸੀ। ਪਿਤਾ ਨੇ ਪੁੱਤਰ ਨੂੰ ਬਾਈਕ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਜਨਮ ਦਿਨ ਤੋਂ ਪਹਿਲਾਂ ਹੀ ਆਕਾਸ਼ ਉਸ ਨੂੰ ਛੱਡ ਕੇ ਚਲਾ ਗਿਆ।
ਮਾਮਲਾ ਦਰਜ :ਲਖਨਊ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ 'ਚ ਏਡੀਸੀਪੀ ਸਈਅਦ ਅਲੀ ਅੱਬਾਸ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ 6 ਵਜੇ ਘਟਨਾ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪਿਤਾ ਜਗਦੀਸ਼ ਦੀ ਤਹਿਰੀਕ 'ਤੇ ਅਭੈ ਪ੍ਰਤਾਪ ਸਿੰਘ ਅਤੇ ਦੇਵਾਂਸ਼ ਖਿਲਾਫ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਭੈ ਪ੍ਰਤਾਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਭੈ ਦੀ ਭਾਲ ਵਿੱਚ ਲੱਗੀ ਹੋਈ ਹੈ। ਮੁਲਜ਼ਮਾਂ ਦੀ ਲੋਕੇਸ਼ਨ ਲਖੀਮਪੁਰ ਖੇੜੀ ਵਿੱਚ ਟ੍ਰੈਕ ਕੀਤੀ ਗਈ ਹੈ। ਜਿਸ ਦੇ ਆਧਾਰ 'ਤੇ ਟੀਮ ਛਾਪੇਮਾਰੀ ਕਰ ਰਹੀ ਹੈ। ਆਕਾਸ਼ 'ਤੇ ਚਾਕੂ ਨਾਲ 12 ਵਾਰ ਕੀਤੇ ਗਏ।