ਨਵੀਂ ਦਿੱਲੀ: ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਮੋਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਮੋਦੀ ਸਰਕਾਰ ਵਿੱਚ ਉਹ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਮੀਡੀਆ ਵਿੱਚ ਚਰਚਾ ਹੈ ਕਿ ਨਕਵੀ ਨੂੰ ਐਨਡੀਏ ਦੇ ਉਪ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਨਕਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਨੇ ਕੈਬਨਿਟ ਮੀਟਿੰਗ ਵਿੱਚ ਨਕਵੀ ਦੀ ਤਾਰੀਫ਼ ਕੀਤੀ।
ਦੱਸ ਦੇਈਏ ਕਿ ਮੁਖਤਾਰ ਅੱਬਾਸ ਨਕਵੀ ਦਾ ਰਾਜ ਸਭਾ ਦਾ ਕਾਰਜਕਾਲ ਵੀਰਵਾਰ (7 ਜੁਲਾਈ) ਨੂੰ ਖਤਮ ਹੋ ਰਿਹਾ ਹੈ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦੀਆਂ ਹਾਲ ਹੀ ਵਿੱਚ ਹੋਈਆਂ ਦੋ-ਸਾਲਾ ਚੋਣਾਂ ਵਿੱਚ ਕਿਤੇ ਵੀ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ। ਉਦੋਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪਾਰਟੀ ਉਨ੍ਹਾਂ ਨੂੰ ਨਵੀਂ ਭੂਮਿਕਾ ਸੌਂਪ ਸਕਦੀ ਹੈ। ਮੁਖਤਾਰ ਅੱਬਾਸ ਨਕਵੀ ਕੇਂਦਰ ਦੀ ਮੋਦੀ ਸਰਕਾਰ ਵਿਚ ਇਕਲੌਤਾ ਮੁਸਲਿਮ ਚਿਹਰਾ ਸੀ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਵਿੱਚ ਨਕਵੀ ਅਤੇ ਰਾਜਨਾਥ ਸਿੰਘ ਦੋ ਅਜਿਹੇ ਮੰਤਰੀ ਹਨ ਜੋ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ ਵੀ ਸਨ।