ਚੰਡੀਗੜ੍ਹ:ਟੋਕਿਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਦੀ ਨੰਬਰ ਦੋ ਮਹਿਲਾ ਹਾਕੀ ਟੀਮ ਆਸਟਰੇਲੀਆ ਨੂੰ 1-0 ਨਾਲ ਹਰਾਉਂਦੇ ਹੋਏ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਆਖਰੀ ਚਾਰ 'ਚ ਪਹੁੰਚੀ ਹੈ।
ਮੈਚ ਦਾ ਇੱਕੋ -ਇੱਕ ਗੋਲ ਗੁਰਜੀਤ ਕੌਰ ਵੱਲੋਂ ਕੀਤਾ ਗਿਆ ਹੈ ਪਰ ਇਸ ਮੈਚ ਦੇ ਵਿੱਚ ਪੂਰੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਵੰਦਨਾ ਕਟਾਰੀਆ, ਸੁਸ਼ੀਲਾ ਚਾਨੂ ਅਤੇ ਮੋਨਿਕਾ ਮਲਿਕ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ। ਸੈਮੀਫਾਈਨਲ ਦੇ ਵਿੱਚ ਪਹੁੰਚਣ ਨੂੰ ਲੈਕੇ ਹਾਕੀ ਖਿਡਾਰੀ ਮੋਨਿਕਾ ਮਲਿਕ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ ਪਰ ਅਜੇ ਵੀ ਫਾਈਨਲ ਮੈਚ ਦੀ ਉਡੀਕ ਕਰ ਰਹੇ ਹਨ ਜਦੋਂ ਸੋਨੇ ਦਾ ਤਗਮਾ ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲੇਗਾ।
ਚੰਡੀਗੜ੍ਹ ਦੀ ਰਹਿਣ ਵਾਲੀ ਮੋਨਿਕਾ ਮਲਿਕ ਬਚਪਨ ਤੋਂ ਹੀ ਹਾਕੀ ਵਿੱਚ ਦੇਸ਼ ਦਾ ਨਾਂ ਉੱਚਾ ਕਰਨਾ ਚਾਹੁੰਦੀ ਸੀ ਅਤੇ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਦਾ ਉਸਦਾ ਸੁਪਨਾ ਹੁਣ ਕੁਝ ਹੀ ਪਲਾਂ ਦੀ ਦੂਰੀ ‘ਤੇ ਹੈ। ਜਿਵੇਂ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਉਸ ਸਮੇਂ ਤੋਂ ਮੋਨਿਕਾ ਮਲਿਕ ਦੇ ਘਰ ਵੀ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ। ਮੋਨਿਕਾ ਦੇ ਵੱਡੇ ਭਰਾ ਆਸ਼ੀਸ਼ ਮਲਿਕ ਨੇ ਦੱਸਿਆ ਕਿ ਪੂਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਉਨ੍ਹਾਂ ਦੱਸਿਆ ਕਿ ਉਸਦੀ ਭੈਣ ਦੀ ਇਸ ਪ੍ਰਾਪਤੀ ਤੋਂ ਹਰ ਕੋਈ ਬਹੁਤ ਖੁਸ਼ ਹੈ ਅਤੇ ਉਮੀਦ ਕਰ ਰਿਹਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਸੋਨ ਤਗਮਾ ਲੈ ਕੇ ਵਾਪਸੀ ਆਵੇਗੀ। ਮੋਨਿਕਾ ਨੇ ਸਕੂਲ ਅਤੇ ਕਾਲਜ ਦੇ ਸਮੇਂ ਹੀ ਹਾਕੀ ਦੇ ਖੇਤਰ ਵਿੱਚ ਸੂਬੇ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪ੍ਰਾਪਤੀਆਂ ਕੀਤੀਆਂ ਹਨ। ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਬਲਾਕ ਦੇ ਪਿੰਡ ਗਾਮਡੀ ਦੀ ਵਸਨੀਕ ਮੋਨਿਕਾ ਦਾ ਜਨਮ 5 ਨਵੰਬਰ 1993 ਨੂੰ ਹੋਇਆ ਸੀ। ਬਚਪਨ ਤੋਂ ਹੀ ਆਪਣੇ ਪਿਤਾ ਤਕਦੀਰ ਸਿੰਘ ਤੋਂ ਖੇਡਾਂ ਪ੍ਰਤੀ ਉਤਸ਼ਾਹ ਹੋ ਕੇ ਮੋਨਿਕਾ ਨੇ ਆਪਣੀ ਅੱਠਵੀਂ ਜਮਾਤ ਤੋਂ ਹੀ ਖੇਡ ਵੱਲ ਧਿਆਨ ਵਧਾ ਦਿੱਤਾ ਸੀ।
ਪਰਿਵਾਰ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਕੁਸ਼ਤੀ ਵਿੱਚ ਅੱਗੇ ਵਧਾਉਣਾ ਚਾਹੁੰਦੇ ਸਨ ਪਰ ਆਪਣੀ ਧੀ ਦੀ ਇੱਛਾ ਨੂੰ ਵੇਖਦੇ ਹੋਏ, ਉਨ੍ਹਾਂ ਮੋਨਿਕਾ ਨੂੰ ਹਾਕੀ ਵਿੱਚ ਹੀ ਅੱਗੇ ਵਧਣ ਦੇ ਲਈ ਉਤਸ਼ਾਹਿਤ ਕੀਤਾ।ਟੋਕੀਓ ਤੋਂ ਮੋਨਿਕਾ ਮਲਿਕ ਵੱਲੋਂ ਈਟੀਵੀ ਨਾਲ ਵੀਡੀਓ ਕਾਲ ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ।ਇਸ ਦੌਰਾਨ ਮੋਨਿਕਾ ਨੇ ਦੱਸਿਆ ਕਿ ਹਰ ਇੱਕ ਬਹੁਤ ਖੁਸ਼ ਹੈ ਤੇ ਅਗਲੇ ਮੈਚ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ।
ਮੋਨਿਕਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋ ਬਹੁਤ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਦੀ ਉਮੀਦ ਨਹੀਂ ਸੀ ਪਰ ਸਾਰਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਜਿਸਦੀ ਬਦੋਲਤ ਉਹ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਮੋਨਿਕਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਹਾਕੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: TOKYO OLYMPICS: ਪੰਜਾਬ ਦੀ ਧੀ ਨੇ ਰਚਿਆ ਇਤਿਹਾਸ