ਚੰਡੀਗੜ੍ਹ:ਮੱਧ ਪ੍ਰਦੇਸ਼ ਵਿੱਚ ਅੱਜ ਭਾਰਤ ਦੇ ਦੋ ਤਾਕਤਵਾਰ ਲੜਾਕੂ ਜਹਾਜ਼ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਦੁਸ਼ਮਣ ਦਾ ਸਾਹ ਸੁਕਾਉਣ ਵਾਲੇ ਸੁਖੋਈ-30 ਅਤੇ ਮਿਰਾਜ਼-2000 ਦੇ ਟੁਕੜੇ ਹੋ ਗਏ ਹਨ। ਵੀਡੀਓ ਵਿੱਚ ਜੈੱਟ ਦੇ ਮਲਬੇ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਹਨ। ਮੁਰੈਨਾ ਲਾਗੇ ਹੋਏ ਇਸ ਹਾਦਸੇ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਦੋਵਾਂ ਜ਼ਹਾਜਾਂ ਦੇ ਪਾਇਲਟਾਂ ਨੂੰ ਬਚਾ ਲਿਆ ਗਿਆ ਹੈ।
ਹਾਦਸੇ ਉੱਤੇ ਬਣਿਆ ਸਸਪੈਂਸ:ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਹਾਜ਼ਾਂ ਨੇ ਗਵਾਲੀਅਰ ਦੇ ਏਅਰਬੇਸ ਤੋਂ ਉਡਾਨ ਭਰੀ ਸੀ। ਇਹ ਕੋਈ ਆਮ ਜੈੱਟ ਨਹੀਂ ਸੀ। ਇਸ ਲਈ ਭਾਰਤੀ ਮਾਹਿਰ ਇਸ ਨੂੰ ਬਹੁਤ ਵੱਡਾ ਨੁਕਸਾਨ ਦੱਸ ਰਹੇ ਹਨ। ਸਾਬਕਾ ਸੈਨਾ ਅਧਿਕਾਰੀ ਬੀਐੱਸ ਜਸਵਾਲ ਨੇ ਕਿਹਾ ਹੈ ਕਿ ਇਹ ਦੋਵੇਂ ਸਾਡੇ ਫਰੰਟਲਾਇਨ ਏਅਰਕ੍ਰਾਫਟ ਹਨ। ਹਾਲੇ ਪਤਾ ਨਹੀਂ ਲੱਗਿਆ ਹੈ ਕਿ ਇਹ ਕਿਵੇਂ ਡਿਗੇ ਹਨ। ਇਹ ਵੀ ਖਦਸ਼ਾ ਹੈ ਕਿ ਇਹ ਦੋਵੇਂ ਕਿਤੇ ਆਪਸ ਵਿੱਚ ਤਾਂ ਨਹੀਂ ਟਕਰਾ ਗਏ।
ਇਕੱਠੇ ਕਿਵੇਂ ਕ੍ਰੈਸ਼ ਹੋਏ ਸੁਖੋਈ ਅਤੇ ਮਿਰਾਜ਼:ਭਾਰਤੀ ਮਾਹਿਰ ਜਸਵਾਲ ਨੇ ਕਿਹਾ ਹੈ ਕਿ ਸੁਖੋਈ ਤੇ ਮਿਰਾਜ਼ ਵਿੱਚ ਇਕੱਠਿਆ ਕੋਈ ਦਿੱਕਤ ਆਉਣੀ ਅਸੰਭਵ ਹੈ। ਹੋ ਸਕਦਾ ਹੈ ਕਿ ਉਹ ਕੋਈ ਡ੍ਰਿਲ ਕਰ ਰਹੇ ਹੋਣ ਅਤੇ ਕਿਸੇ ਇਕ ਅੰਦਰ ਗੜਬੜ ਹੋ ਗਈ ਹੋਵੇ ਅਤੇ ਉਹ ਦੂਜੇ ਨਾਲ ਕ੍ਰੈਸ਼ ਹੋ ਗਿਆ ਹੋਵੇ। ਹਾਲਾਂਕਿ ਇਸਦਾ ਖੁਲਾਸਾ ਬਲੈਕਬਾਕਸ ਰਾਹੀਂ ਹੋਵੇਗਾ ਪਰ ਇਸ ਤਰ੍ਹਾਂ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ।