ਸ਼੍ਰੀਨਗਰ:ਜੰਮੂ-ਕਸ਼ਮੀਰ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਇਕ ਹਾਈਬ੍ਰਿਡ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਬਾਂਦੀਪੋਰਾ ਦੇ ਨਦੀਹਾਲ ਇਲਾਕੇ ਤੋਂ ਹੋਈ ਹੈ। ਅੱਤਵਾਦੀ ਦੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਸ ਦੇ ਟਿਕਾਣੇ ਨੂੰ ਧਮਾਕੇ ਨਾਲ ਤਬਾਹ ਕਰ ਦਿੱਤਾ ਅਤੇ ਇਸ ਦੀ ਵੀਡੀਓ ਫੁਟੇਜ ਜਾਰੀ ਕੀਤੀ ਗਈ ਹੈ। ਇਹ ਆਪਰੇਸ਼ਨ ਜੰਮੂ ਅਤੇ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੇ ਤਹਿਤ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਇਕ ਖਾਸ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਕਾਰਵਾਈ 'ਚ ਬਾਂਦੀਪੋਰਾ ਦੇ ਪਚਨ 'ਚ ਲਸ਼ਕਰ-ਏ-ਤੋਇਬਾ ਦਾ ਇਕ ਹਾਈਬ੍ਰਿਡ ਅੱਤਵਾਦੀ ਫੜਿਆ ਗਿਆ। ਇਸ ਆਪਰੇਸ਼ਨ ਵਿੱਚ ਬਾਂਦੀਪੋਰਾ ਪੁਲਿਸ, 14 ਰਾਸ਼ਟਰੀ ਰਾਈਫਲਜ਼ ਅਤੇ ਸੀਆਰਪੀਐਫ ਦੀ ਤੀਜੀ ਬਟਾਲੀਅਨ ਸ਼ਾਮਲ ਸੀ। ਗ੍ਰਿਫਤਾਰ ਅੱਤਵਾਦੀ ਦੀ ਪਛਾਣ ਮਹਿਬੂਬ-ਉਲ-ਇਨਾਮ ਉਰਫ਼ ਫਰਹਾਨ ਵਜੋਂ ਹੋਈ ਹੈ, ਜੋ ਕਿ ਇਨਾਮ-ਉਲ-ਹੱਕ ਸ਼ਾਹ, ਵਾਸੀ ਨਦੀਹਾਲ, ਬਾਂਦੀਪੋਰਾ ਦਾ ਪੁੱਤਰ ਦੱਸਿਆ ਜਾਂਦਾ ਹੈ। ਮੁਲਜ਼ਮ ਨੇ ਆਪਣੀ ਸਕੂਟੀ ਅੰਦਰ ਚੀਨੀ ਗ੍ਰੇਨੇਡ ਵੀ ਲੁਕਾ ਲਿਆ ਸੀ।