ਸ੍ਰੀਨਗਰ: ਬਾਹਰੀ ਇਲਾਕੇ ਜੇਵਾਨ ਵਿੱਚ ਦਹਿਸ਼ਤਗਰਦਾਂ ਨੇ ਪੁਲਿਸ ਦੀ ਬੱਸ ’ਤੇ ਗੋਲੀਬਾਰੀ ਕੀਤੀ। ਹਮਲੇ 'ਚ 3 ਜਵਾਨ ਸ਼ਹੀਦ ਹੋ ਗਏ, ਜਦਕਿ 11 ਪੁਲਿਸ ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਨੇ ਦਿੱਤੀ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਹਮਲੇ ਵਿੱਚ ਇੱਕ ਏਐਸਆਈ ਅਤੇ ਇੱਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਹੀਦ ਹੋ ਗਏ।
9ਵੀਂ ਬਟਾਲੀਅਨ ਦੇ ਵਾਹਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ
ਸ਼੍ਰੀਨਗਰ ਦੇ ਜੇਵਾਨ ਇਲਾਕੇ 'ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 11 ਪੁਲਿਸ ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਅਣਪਛਾਤੇ ਅੱਤਵਾਦੀਆਂ ਨੇ ਪੰਥਾ ਚੌਕ-ਖੋਨਮੋਹ ਸੜਕ 'ਤੇ ਜੇਵਾਨ ਖੇਤਰ ਵਿੱਚ ਭਾਰਤੀ ਰਿਜ਼ਰਵ ਪੁਲਿਸ (ਆਈਆਰਪੀ) ਦੀ 9ਵੀਂ ਬਟਾਲੀਅਨ ਦੇ ਵਾਹਨ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਜਵਾਨਾਂ ਦੀ ਮੌਤ ਹੋ ਗਈ।
ਸਾਰੇ ਜ਼ਖਮੀਆਂ ਨੂੰ ਇਲਾਜ ਲਈ ਭੇਜਿਆ ਗਿਆ ਹਸਪਤਾਲ
ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੰਗੇ ਵੇਰਵੇ
ਕਸ਼ਮੀਰ 'ਚ ਸੁਰੱਖਿਆ ਬਲਾਂ ਦੀ ਬੱਸ 'ਤੇ ਅੱਤਵਾਦੀ ਹਮਲਾ, ਤਿੰਨ ਪੁਲਿਸ ਜਵਾਨ ਸ਼ਹੀਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਵੇਰਵੇ ਮੰਗੇ ਅਤੇ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ। ਅਧਿਕਾਰੀਆਂ ਨੇ ਦੱਸਿਆ ਕਿ ਸੰਸਦ 'ਤੇ ਹਮਲੇ ਦੀ 20ਵੀਂ ਵਰ੍ਹੇਗੰਢ 'ਤੇ ਸੋਮਵਾਰ ਨੂੰ ਸ਼੍ਰੀਨਗਰ ਦੇ ਬਾਹਰਵਾਰ ਜੰਮੂ-ਕਸ਼ਮੀਰ ਦੇ ਹਥਿਆਰਬੰਦ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਘਾਤਕ ਹਮਲੇ 'ਚ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ।
ਸ਼ਹੀਦ ਹੋਏ ਸੁਰੱਖਿਆ ਕਰਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇੱਕ ਟਵੀਟ ਵਿੱਚ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਬਾਰੇ ਵੇਰਵੇ ਮੰਗੇ ਹਨ। ਉਨ੍ਹਾਂ ਨੇ ਹਮਲੇ 'ਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ।
ਉਪ ਰਾਜਪਾਲ ਮਨੋਜ ਸਿਨਹਾ ਨੇ ਸ਼੍ਰੀਨਗਰ 'ਚ ਜੰਮੂ-ਕਸ਼ਮੀਰ ਪੁਲਿਸ ਦੀ ਬੱਸ 'ਤੇ ਕਾਇਰਾਨਾ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਬਹਾਦਰ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪ ਰਾਜਪਾਲ ਮਨੋਜ ਸਿਨਹਾ ਨੇ ਟਵੀਟ ਕੀਤਾ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਪਰਾਧੀਆਂ ਨੂੰ ਸਜ਼ਾ ਮਿਲੇ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ।
ਇਹ ਵੀ ਪੜ੍ਹੋ:ਪੰਜਾਬ ਵਿੱਚ ਡਿਊਟੀ 'ਤੇ ਰਿਪੋਰਟ ਕਰਨ ਜਾਂਦੇ ਸਮੇਂ ਤੇਲੰਗਾਨਾ ਦਾ ਜਵਾਨ ਲਾਪਤਾ