ਭਾਗਵਤ ਗੀਤਾ ਦਾ ਸੰਦੇਸ਼
" ਤੇਜ਼, ਮੁਆਫੀ, ਸੰਜਮ, ਸਰੀਰ ਦੀ ਸ਼ੁੱਧੀ,ਵੈਰਭਾਵ ਦਾ ਨਾ ਰਹਿਣਾ ਤੇ ਮਾਨ ਨੂੰ ਚਾਹੁਣਾ, ਇਹ ਸਾਰੇ ਦੈਵੀ ਸੰਪਦਾ ਨੂੰ ਹਾਸਲ ਕੀਤੇ ਮਨੁੱਖ ਦੇ ਲੱਛਣ ਹਨ। ਸੰਤੋਖ਼, ਸਰਲਤਾ, ਗੰਭੀਰਤਾ, ਆਤਮ-ਸੰਜਮ ਤੇ ਜੀਵਨ ਦੀ ਸ਼ੁੱਧੀ ਇਹ ਮਨ ਦੀਆਂ ਤਪਸੀਆਵਾਂ ਹਨ। ਦੰਭ, ਹੰਕਾਰ ਤੇ ਕਰੋਧ, ਕਠੋਰਤਾ ਤੇ ਅਗਿਆਨ ਇਹ ਸਾਰੇ ਰਾਕਸ਼ਸ ਸੁਭਾਅ ਨੂੰ ਲੈ ਕੇ ਪੈਦਾ ਹੋਏ ਪੁਰਸ਼ ਦੇ ਲੱਛਣ ਹਨ। ਜੋ ਰਾਕਸ਼ਸ ਸੁਭਾਅ ਦੇ ਹਨ ਉਹ ਇਹ ਨਹੀਂ ਜਾਣਦੇ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਉਨ੍ਹਾਂ ਵਿੱਚ ਨਾਂ ਤਾਂ ਪਵਿੱਤਰਤਾ, ਨਾਂ ਹੀ ਸਹੀ ਆਚਰਨ ਤੇ ਨਾਂ ਹੀ ਸੱਚਾਈ ਪਾਈ ਜਾਂਦੀ ਹੈ। ਆਪਣੇ ਆਪ ਨੂੰ ਸ੍ਰੇਸ਼ਠ ਮੰਨਣ ਵਾਲੇ ਤੇ ਸਦੈਵ ਹੀ ਹੰਕਾਰ ਕਰਨ ਵਾਲੇ, ਸੰਪਤੀ ਤੇ ਮਿੱਥਿਆ ਮਾਨ ਤੋਂ ਮੋਹਗ੍ਰਸਤ ਲੋਕ ਕਿਸੇ ਵੀ ਵਿਧੀ-ਵਿਧਾਨ ਦਾ ਪਾਲਨ ਨ ਕਰਦੇ ਹੋਏ, ਕਦੇ -ਕਦੇ ਮਹਿਜ ਨਾਂਅ ਲਈ ਬੜੇ ਹੀ ਮਾਣ ਦੇ ਨਾਲ ਹਵਨ ਕਰਦੇ ਹਨ। ਜੋ ਸ਼ਾਸਤਰਾਂ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤੇ ਮਨਮਾਨੇ ਢੰਗ ਨਾਲ ਕੰਮ ਕਰਦਾ ਹੈ, ਉਸ ਨੂੰ ਨਾਂ ਤਾਂ ਸਿੱਧੀ, ਨਾਂ ਸੁਖ ਤੇ ਨਾਂ ਹੀ ਪਰਮਗਤੀ ਦੀ ਪ੍ਰਾਪਤੀ ਹੋ ਪਾਉਂਦੀ ਹੈ। ਅਸੁਰ ਸੁਭਾਅ ਵਾਲੇ ਮਨੁੱਖ ਕਹਿੰਦੇ ਹਨ ਕਿ ਸੰਸਾਰ ਅਸਤਿਯਾ, ਅਪ੍ਰਤੀਸ਼ਠਤ ਤੇ ਬਿਨਾਂ ਰੱਬ ਦੇ ਆਪਣੇ ਆਪ ਕੇਵਲ ਔਰਤ-ਪੁਰਸ਼ ਦੇ ਸੰਯੋਗ ਨਾਲ ਪੈਦਾ ਹੋਇਆ ਹੈ। ਇਸ ਲਈ ਕਾਮ ਹੀ ਇਸ ਦਾ ਕਾਰਨ ਹੈ, ਤੇ ਹੋਰ ਕੋਈ ਕਾਰਨ ਨਹੀਂ ਹੈ। ਨਸ਼ਟ ਸੁਭਾਅ ਦੇ ਅਲਪ ਬੁੱਧੀ ਵਾਲੇ, ਉਗਰ ਕਰਮ ਕਰਨ ਵਾਲੇ ਲੋਕ ਜਗਤ ਦੇ ਦੁਸ਼ਮਨ ਦੇ ਰੂਪ ਵਿੱਚ ਉਸ ਦਾ ਨਾਸ਼ ਕਰਨ ਦੇ ਲਈ ਪੈਦਾ ਹੁੰਦੇ ਹਨ। ਰਾਕਸ਼ਸ ਸੁਭਾਅ ਵਾਲੇ ਮਨੁੱਖ ਦੰਭ, ਮਾਨ ਤੇ ਮਦ ਤੋਂ ਯੁਕਤ ਕਦੇ ਵੀ ਪੂਰੀ ਨਾ ਹੋਣ ਵਾਲੀਆਂ ਕਮਾਨਾਵਾਂ ਦਾ ਸਹਾਰਾ ਲੈ ਕੇ, ਮੋਹਵਸ਼ ਮਿੱਥਿਆ ਧਾਰਨਾਵਾਂ ਨੂੰ ਹਾਸਲ ਕਰਕੇ ਇਹ ਅਸ਼ੁੱਧ ਸੰਕਲਪਾਂ ਦੇ ਲੋਕ ਜਗਤ ਵਿੱਚ ਕੰਮ ਕਰਦੇ ਹਨ। ਸੈਂਕੜੇ ਆਸ਼ਾਪਾਪਾਂ ਨਾਲ ਘਿਰੇ ਹੋਏ, ਕਾਮ ਤੇ ਕਰੋਧ ਦੇ ਵਸ਼ ਵਿੱਚ ਇਹ ਲੋਕ ਵਿਸ਼ਯੈਭੋਗਾਂ ਦੀ ਪੂਰਤੀ ਲਈ ਗੈਰ ਨਿਆਇਕ ਤੌਰ 'ਤੇ ਧਨ ਇੱਕਠਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਨੁੱਖ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਸ਼ਾਸਤਰਾਂ ਦੇ ਵਿਧਾਨ ਦੇ ਮੁਤਾਬਕ ਕੀ ਫਰਜ਼ ਹਨ ਤੇ ਕੀ ਫਰਜ਼ ਨਹੀਂ ਹਨ। ਉਸ ਨੂੰ ਵਿਧੀ ਵਿਧਾਨਾਂ ਨੂੰ ਜਾਣਨ ਮਗਰੋਂ ਹੀ ਕਰਮ ਕਰਨੇ ਚਾਹੀਦੇ ਹਨ, ਜਿਸ ਨਾਲ ਕ੍ਰਮਵਾਰ ਉੱਤੇ ਉੱਠਿਆ ਜਾ ਸਕੇ। "