ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਦੇ ਘੁਟਾਲੇ 'ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦਾ ਨਾਂ ਇੰਟਰਪੋਲ ਦੇ 'ਰੈੱਡ ਨੋਟਿਸ' ਤੋਂ ਹਟਾ ਦਿੱਤਾ ਗਿਆ ਹੈ।। ਸੂਤਰਾਂ ਮੁਤਾਬਕ ਇਹ ਕਦਮ ਫਰਾਂਸ ਦੇ ਲਿਓਨ ਸ਼ਹਿਰ 'ਚ ਇੰਟਰਪੋਲ ਹੈੱਡਕੁਆਰਟਰ 'ਚ ਚੋਕਸੀ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ 'ਤੇ ਚੁੱਕਿਆ ਗਿਆ ਹੈ। ਇਸ ਘਟਨਾਕ੍ਰਮ 'ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚੁੱਪ ਧਾਰੀ ਹੋਈ ਹੈ।
ਸਾਲ 2018 'ਚ ਚੋਕਸੀ ਖਿਲਾਫ ਰੈੱਡ ਨੋਟਿਸ ਜਾਰੀ:ਰੈੱਡ ਨੋਟਿਸ 195 ਮੈਂਬਰੀ ਰਾਸ਼ਟਰ-ਰਾਜ ਸੰਗਠਨ ਇੰਟਰਪੋਲ ਦੁਆਰਾ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਵਾਲਗੀ, ਸਮਰਪਣ ਜਾਂ ਇਸ ਤਰ੍ਹਾਂ ਦੀ ਉੱਚ ਪੱਧਰੀ ਕਾਨੂੰਨੀ ਕਾਰਵਾਈ ਲਈ ਦੋਸ਼ੀ ਵਿਅਕਤੀ ਨੂੰ ਲੱਭਣ ਅਤੇ ਹਿਰਾਸਤ ਵਿੱਚ ਲੈਣ ਲਈ ਜਾਰੀ ਕੀਤਾ ਗਿਆ ਇੱਕ ਅਲਰਟ ਹੈ। ਇੰਟਰਪੋਲ ਨੇ ਸਾਲ 2018 'ਚ ਚੋਕਸੀ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਉਸ ਦੇ ਭਾਰਤ ਤੋਂ ਫਰਾਰ ਹੋਣ ਤੋਂ ਲਗਭਗ 10 ਮਹੀਨੇ ਬਾਅਦ ਜਾਰੀ ਕੀਤਾ ਗਿਆ ਸੀ। ਉਸੇ ਸਾਲ ਚੋਕਸੀ ਨੇ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈ ਲਈ ਸੀ।
ਸੀਬੀਆਈ ਦੀ ਅਰਜ਼ੀ ਨੂੰ ਚੁਣੌਤੀ ਦਿੱਤੀ ਸੀ:ਸੂਤਰਾਂ ਨੇ ਦੱਸਿਆ ਕਿ ਚੋਕਸੀ ਨੇ ਆਪਣੇ ਖਿਲਾਫ ਰੈੱਡ ਨੋਟਿਸ ਜਾਰੀ ਕਰਨ ਲਈ ਸੀਬੀਆਈ ਦੀ ਅਰਜ਼ੀ ਨੂੰ ਚੁਣੌਤੀ ਦਿੱਤੀ ਸੀ ਅਤੇ ਇਸ ਮਾਮਲੇ ਨੂੰ ਸਿਆਸੀ ਸਾਜ਼ਿਸ਼ ਦਾ ਨਤੀਜਾ ਕਰਾਰ ਦਿੱਤਾ ਸੀ। ਆਪਣੀ ਪਟੀਸ਼ਨ ਵਿੱਚ ਚੋਕਸੀ ਨੇ ਭਾਰਤ ਵਿੱਚ ਜੇਲ੍ਹ ਦੀ ਸਥਿਤੀ, ਆਪਣੀ ਨਿੱਜੀ ਸੁਰੱਖਿਆ ਅਤੇ ਸਿਹਤ ਵਰਗੇ ਮੁੱਦੇ ਵੀ ਉਠਾਏ ਸਨ।