ਚੰਡੀਗੜ੍ਹ: ਸਿੰਘੂ ਬਾਰਡਰ (Singhu border) 'ਤੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ (Brutal murder) ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ’ਚ ਸਰਬਜੀਤ ਸਿੰਘ (Sarabjit Singh) ਨਾਂ ਦੇ ਨਿਹੰਗ ਸਿੱਖ ਦਾ ਨਾਂ ਸਾਹਮਣੇ ਆਇਆ ਹੈ। ਜਿਸ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲੈਂਦਿਆ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ’ਤੇ ਹੁਣ ਸਿਆਸੀ ਰੰਗ ਵੀ ਚੜਣ ਲੱਗਿਆ ਹੈ।
ਦੱਸ ਦਈਏ ਕਿ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ (Mayawati) ਨੇ ਸਿੰਘੂ ਬਾਰਡਰ (Singhu border) 'ਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਮਾਮਲੇ ਦੀ ਨਿੰਦਾ ਕੀਤੀ ਹੈ। ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਦਿੱਲੀ ਸਿੰਘੂ ਬਾਰਡਰ ’ਤੇ ਪੰਜਾਬ ਦੇ ਇੱਕ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤਾ ਗਿਆ ਕਤਲ ਬੇਹੱਦ ਦਰਦਨਾਕ ਅਤੇ ਨਿੰਦਣਯੋਗ ਹੈ। ਪੁਲਿਸ ਘਟਨਾ ਦੀ ਗੰਭਰੀਤਾ ਨੂੰ ਦੇਖਦੇ ਹੋਏ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਅਤੇ ਪੰਜਾਬ ਦੇ ਦਲਿਤ ਸੀਐੱਮ ਵੀ ਲਖੀਮਪੁਰ ਖੀਰੀ ਦੀ ਤਰ੍ਹਾਂ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਅਤੇ ਸਰਕਾਰੀ ਨੌਕਰੀ ਦੇਵੇਂ। ਬੀਐਸਪੀ ਦੀ ਇਹ ਮੰਗ ਹੈ।
ਕੀ ਹੈ ਪੂਰਾ ਮਾਮਲਾ ?
ਦੱਸ ਦੇਈਏ ਕਿ ਵੀਰਵਾਰ ਦੇਰ ਰਾਤ ਦਿੱਲੀ ਦੀ ਸਿੰਘੂ ਸਰਹੱਦ (Singhu border) 'ਤੇ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਸੇ ਸਮੇਂ, ਜਦੋਂ ਅੰਦੋਲਨਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਮੁੱਖ ਸਟੇਜ ਦੇ ਕੋਲ ਨੌਜਵਾਨ ਦੀ ਲਾਸ਼ ਲਟਕਦੀ ਵੇਖੀ, ਉੱਥੇ ਹਲਚਲ ਮਚ ਗਈ। ਮੌਕੇ 'ਤੇ ਮੌਜੂਦ ਇੱਕ ਨਿਹੰਗ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਸ ਵਿਅਕਤੀ ਦੁਆਰਾ ਪਵਿੱਤਰ ਗ੍ਰੰਥ ਨੂੰ ਤੋੜਨ ਦੀ ਅਜਿਹੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮ੍ਰਿਤਕ ਕੁਝ ਸਮੇਂ ਤੋਂ ਉਸੇ ਸਮੂਹ ਦੇ ਨਾਲ ਸੀ।
ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਨੇ ਇੱਕ ਬਿਆਨ ਜਾਰੀ ਕੀਤਾ ਕਿ ਇਸ ਬੇਰਹਿਮੀ ਨਾਲ ਹੋਏ ਕਤਲ ਦੀ ਨਿੰਦਾ ਕਰਦੇ ਹੋਏ, ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਘਟਨਾ ਦੇ ਦੋਵੇਂ ਪੱਖ, ਇਸ ਨਿਹੰਗ ਸਮੂਹ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।