ਗੁਨਾ/ ਮੱਧ ਪ੍ਰਦੇਸ਼:ਗੁਨਾ ਜ਼ਿਲੇ 'ਚ ਬੁੱਧਵਾਰ ਰਾਤ ਨੂੰ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਗੁਨਾ ਤੋਂ ਹਾਰੂਨ ਜਾ ਰਹੀ ਬੱਸ 'ਚ ਭਿਆਨਕ ਅੱਗ ਲੱਗ ਗਈ। ਘਟਨਾ 'ਚ 12 ਲੋਕ ਜ਼ਿੰਦਾ ਸੜ ਗਏ, ਜਦਕਿ ਬੱਸ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ 14 ਲੋਕ ਝੁਲਸ ਗਏ ਹਨ, ਜਦਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ, ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਮੌਕੇ 'ਤੇ ਪਹੁੰਚਿਆ ਪ੍ਰਸ਼ਾਸਨ: ਗੁਨਾ ਜ਼ਿਲ੍ਹੇ ਦੇ ਐਸਪੀ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਬੱਸ ਗੁਨਾ ਤੋਂ ਹਾਰੂਨ ਵੱਲ ਜਾ ਰਹੀ ਸੀ, ਜਦਕਿ ਡੰਪਰ ਗੁਨਾ ਵੱਲ ਆ ਰਿਹਾ ਸੀ। ਇਸ ਦੌਰਾਨ ਬੱਸ ਅਤੇ ਡੰਪਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਦੇਰ 'ਚ ਬੱਸ ਅੱਗ ਦਾ ਗੋਲਾ ਬਣ ਗਈ। ਜਦੋਂ ਤੱਕ ਸਵਾਰੀਆਂ ਕੁਝ ਸਮਝ ਕੇ ਭੱਜਦੀਆਂ, ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਘਟਨਾ ਸਮੇਂ ਬੱਸ 'ਚ 30 ਦੇ ਕਰੀਬ ਸਵਾਰੀਆਂ ਸਨ ਅਤੇ ਉਨ੍ਹਾਂ 'ਚੋਂ 4 ਕਿਸੇ ਤਰ੍ਹਾਂ ਬੱਸ 'ਚੋਂ ਨਿਕਲਣ 'ਚ ਸਫਲ ਹੋ ਗਏ। ਇਸ ਦੇ ਨਾਲ ਹੀ ਜ਼ਿੰਦਾ ਸੜ ਜਾਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 14 ਲੋਕ ਗੰਭੀਰ ਰੂਪ ਨਾਲ ਝੁਲਸ ਗਏ।