ਬਹੁਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਹੋਈ ਮੌਤ ਮੁੰਬਈ/ਗੋਰੇਗਾਂਵ:ਮੁੰਬਈ ਦੇ ਗੋਰੇਗਾਂਵ ਪੱਛਮੀ ਖੇਤਰ ਵਿੱਚ ਅੱਜ ਤੜਕਸਾਰ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ, ਜਦਕਿ 51 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 14 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ, ਫਾਇਰ ਫਾਈਟਰਜ਼ ਨੇ 40 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਖ਼ਮੀਆਂ ਦਾ ਇਲਾਜ ਐਚਬੀਟੀ ਅਤੇ ਕੂਪਰ ਹਸਪਤਾਲ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਇਕ 7 ਮੰਜ਼ਿਲਾ ਇਮਾਰਤ 'ਚ ਸਵੇਰੇ 3.05 ਵਜੇ ਅੱਗ ਲੱਗ ਗਈ। ਜੈ ਭਵਾਨੀ ਬਿਲਡਿੰਗ ਦੀ ਪਾਰਕਿੰਗ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਕਰਮੀਆਂ ਨੇ ਇਮਾਰਤ ਵਿੱਚ ਫਸੇ ਕਰੀਬ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਤਾਜ਼ਾ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਕਰੀਬ 51 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਕੁਝ ਸੜ ਵੀ ਗਏ ਹਨ। ਕਈ ਲੋਕਾਂ ਨੇ ਡਰ ਕੇ ਇਮਾਰਤ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦਾ ਇਲਾਜ ਐਚਬੀਟੀ ਅਤੇ ਕੂਪਰ ਹਸਪਤਾਲ ਵਿੱਚ ਚੱਲ ਰਿਹਾ ਹੈ। ਕੁਝ ਜ਼ਖਮੀਆਂ ਦਾ ਇਲਾਜ ਜੋਗੇਸ਼ਵਰੀ ਦੇ ਟਰੌਮਾ ਕੇਅਰ ਹਸਪਤਾਲ 'ਚ ਚੱਲ ਰਿਹਾ ਹੈ।
ਮੁੰਬਈ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ 'ਚ ਗਰਾਊਂਡ ਫਲੋਰ 'ਤੇ ਕੁਝ ਦੁਕਾਨਾਂ ਅਤੇ ਉਨ੍ਹਾਂ ਦੇ ਅੱਗੇ ਖੜ੍ਹੀਆਂ ਕਾਰਾਂ ਸੜ ਕੇ ਸੁਆਹ ਹੋ ਗਈਆਂ। ਇਸ ਦੌਰਾਨ ਫਾਇਰ ਵਿਭਾਗ ਅਤੇ ਸਥਾਨਕ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੁੰਬਈ ਫਾਇਰ ਬ੍ਰਿਗੇਡ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੈਵਲ ਟੂ ਦੀ ਅੱਗ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸਵੇਰੇ 03.00 ਵਜੇ ਵੱਡਾ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਨਾਲ ਸਾਰੇ ਲੋਕ ਜਾਗ ਪਏ ਅਤੇ ਘਰੋਂ ਬਾਹਰ ਭੱਜ ਗਏ।