ਉੱਤਰਾਖੰਡ/ਪਿਥੌਰਾਗੜ੍ਹ: ਉੱਤਰਾਖੰਡ ਦੇ ਸਰਹੱਦੀ ਜ਼ਿਲ੍ਹੇ ਪਿਥੌਰਾਗੜ੍ਹ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਧਾਰਚੂਲਾ ਇਲਾਕੇ 'ਚ ਪਿਕਅੱਪ ਗੱਡੀ ਦੇ ਖੱਡ 'ਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ 'ਚ 6 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲ ਰਹੀ ਹੈ। ਪਿਥੌਰਾਗੜ੍ਹ ਦੇ ਐਸਪੀ ਲੋਕੇਸ਼ਵਰ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਜੇ ਤੱਕ ਪ੍ਰਸ਼ਾਸਨ ਕੋਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ:ਪਿਥੌਰਾਗੜ੍ਹ ਦੇ ਐਸਪੀ ਲੋਕੇਸ਼ਵਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧਾਰਚੂਲਾ ਇਲਾਕੇ ਦੇ ਪੰਗਲਾ ਵਿੱਚ ਵਾਪਰਿਆ। ਜਿੱਥੇ ਯੂਕੇ 04 ਟੀਬੀ 2734 ਗੱਡੀ ਖੱਡ ਵਿੱਚ ਡਿੱਗ ਕੇ ਕਾਲੀ ਨਦੀ ਵਿੱਚ ਜਾ ਕੇ ਖਤਮ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ। ਪਿਕਅੱਪ ਗੱਡੀ ਵਿੱਚ ਕੌਣ-ਕੌਣ ਸਵਾਰ ਸਨ ਅਤੇ ਕਿੰਨੇ ਲੋਕ ਸਨ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਬਚਾਅ ਕਾਰਜ ਜਾਰੀ ਹੈ। ਹਾਦਸੇ ਵਾਲੀ ਥਾਂ 'ਤੇ ਨੈੱਟਵਰਕ ਦੀ ਸਮੱਸਿਆ ਕਾਰਨ ਬਚਾਅ ਟੀਮ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਂਗਲਾ ਦੇ ਟੈਂਪਾ ਮੰਦਰ ਨੇੜੇ ਹਾਦਸੇ ਦਾ ਸ਼ਿਕਾਰ: ਮੁੱਢਲੀ ਜਾਣਕਾਰੀ ਦੇ ਆਧਾਰ 'ਤੇ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਗੱਡੀ ਗੁੰਜੀ ਤੋਂ ਧਾਰਚੂਲਾ ਵੱਲ ਜਾ ਰਹੀ ਸੀ, ਜੋ ਪਾਂਗਲਾ ਦੇ ਟੈਂਪਾ ਮੰਦਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਕਿਵੇਂ ਹੋਇਆ, ਇਸ ਸਬੰਧੀ ਪੁਲਿਸ ਦਾ ਬਿਆਨ ਅਜੇ ਤੱਕ ਨਹੀਂ ਆਇਆ ਹੈ। ਫਿਲਹਾਲ ਪੁਲਿਸ ਦੇ ਨਾਲ-ਨਾਲ ਪਿੰਡ ਵਾਸੀ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ। ਪਿਥੌਰਾਗੜ੍ਹ ਪੁਲਿਸ ਮੁਤਾਬਕ ਗੱਡੀ ਵਿੱਚ 6 ਲੋਕ ਸਵਾਰ ਸਨ।
ਵਾਹਨ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਸੂਚੀ:ਦੱਸਿਆ ਜਾ ਰਿਹਾ ਕਿ ਇਸ ਗੱਡੀ 'ਚ ਸਵਾਰ ਜਿੰਨ੍ਹਾਂ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ, ਉਨ੍ਹਾਂ 'ਚ ਸਤਿਆਬਰਦਾ ਪਾਰੈਦਾ ਉਮਰ 59 ਸਾਲ, ਨੀਲਾਲਾ ਪੰਨੋਲ ਉਮਰ 58 ਸਾਲ, ਮਨੀਸ਼ ਮਿਸ਼ਰਾ ਉਮਰ 48 ਸਾਲ, ਪ੍ਰਗਿਆ ਉਮਰ 52 ਸਾਲ, ਹਿਮਾਂਸ਼ੂ ਕੁਮਾਰ ਉਮਰ 24 ਸਾਲ ਅਤੇ ਬੀਰੇਂਦਰ ਕੁਮਾਰ ਉਮਰ 39 ਸਾਲ ਦੇ ਨਾਮ ਸ਼ਾਮਲ ਸਨ।
16 ਦਿਨ ਪਹਿਲਾਂ ਵੀ ਵਾਪਰਿਆ ਸੀ ਵੱਡਾ ਹਾਦਸਾ: ਕਾਬਿਲੇਗੌਰ ਹੈ ਕਿ 8 ਅਕਤੂਬਰ ਨੂੰ ਵੀ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਸੀ। ਧਾਰਚੂਲਾ-ਗੁੰਜੀ ਮੋਟਰ ਰੋਡ 'ਤੇ ਠਕਟੀ ਝਰਨੇ ਨੇੜੇ ਪਹਾੜੀ ਤੋਂ ਡਿੱਗੀ ਚੱਟਾਨ ਨਾਲ ਬੋਲੈਰੋ ਗੱਡੀ ਹੇਠਾਂ ਆ ਗਈ ਸੀ। ਇਸ ਹਾਦਸੇ 'ਚ ਗੱਡੀ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਸੀ।