ਗੋਲਾਘਾਟ: ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਬੱਸ ਦੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ 25 ਤੋਂ ਵੱਧ ਸਵਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਗੋਲਾਘਾਟ ਜ਼ਿਲ੍ਹੇ ਦੇ ਡੇਰਗਾਂਵ ਨੇੜੇ ਬਲੀਜਾਨ ਇਲਾਕੇ ਵਿੱਚ ਵਾਪਰਿਆ। ਗੋਲਾਘਾਟ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਰਾਜੇਨ ਸਿੰਘ ਨੇ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5 ਵਜੇ ਵਾਪਰਿਆ।
ਆਸਾਮ ਦੇ ਗੋਲਾਘਾਟ ਵਿੱਚ ਟਰੱਕ-ਬੱਸ ਦੀ ਟੱਕਰ ਵਿੱਚ 12 ਲੋਕਾਂ ਦੀ ਮੌਤ, 25 ਤੋਂ ਵੱਧ ਜ਼ਖ਼ਮੀ
Truck Bus Collision In Golaghat: ਅਸਾਮ ਵਿੱਚ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਯਾਤਰੀ ਬੱਸ ਦੀ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ।
Published : Jan 3, 2024, 10:53 AM IST
ਬੱਸ ਅਤੇ ਟਰੱਕ 'ਚ ਹੋਈ ਭਿਆਨਕ ਟੱਕਰ: ਰਾਜੇਨ ਸਿੰਘ ਨੇ ਦੱਸਿਆ ਕਿ ਬੱਸ ਇੱਕ ਟੀਮ ਨੂੰ ਲੈਕੇ ਗੋਲਾਘਾਟ ਜ਼ਿਲ੍ਹੇ ਦੇ ਕਮਰਬੰਦਾ ਇਲਾਕੇ ਤੋਂ ਤਿਲਿੰਗਾ ਮੰਦਰ ਵੱਲ ਜਾ ਰਹੀ ਸੀ। ਬਲੀਜਾਨ ਇਲਾਕੇ 'ਚ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟਰੱਕ ਜੋਰਹਾਟ ਤੋਂ ਉਲਟ ਦਿਸ਼ਾ 'ਚ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 10 ਲਾਸ਼ਾਂ ਬਰਾਮਦ ਹੋਈਆਂ ਹਨ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਡੇਰਗਾਂਵ ਸੀਐਚਸੀ ਭੇਜ ਦਿੱਤਾ ਗਿਆ ਹੈ। 27 ਜ਼ਖਮੀਆਂ ਨੂੰ ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕੀਤਾ ਗਿਆ। ਉਥੇ ਇਲਾਜ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ।
ਹਾਦਸੇ 'ਚ 12 ਲੋਕਾਂ ਦੀ ਗਈ ਜਾਨ, 25 ਤੋਂ ਵੱਧ ਜ਼ਖ਼ਮੀ: ਘਟਨਾ ਤੋਂ ਬਾਅਦ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਗੋਲਾਘਾਟ ਜ਼ਿਲ੍ਹੇ ਦੇ ਐਸਪੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਨ ਸਿੰਘ ਨੇ ਦੱਸਿਆ ਕਿ ਸਾਡੀ ਜਾਂਚ ਜਾਰੀ ਹੈ। ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਫਿਲਹਾਲ ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਇੱਕੋ ਪਿੰਡ ਜਾਂ ਇਲਾਕੇ ਦੇ ਵਸਨੀਕ ਹੋ ਸਕਦੇ ਹਨ।