ਨਵੀਂ ਦਿੱਲੀ:ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੇ ਅੱਜ ਦਿੱਲੀ ਵਿਖੇ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ(Mansukh L.Mandviya) ਨਾਲ ਮੁਲਾਕਾਤ ਕਰਕੇ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਬਣਾਏ ਜਾਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਇਹ ਪਾਰਕ ਪੂਰੇ ਦੇਸ਼, ਖਾਸ ਤੌਰ ’ਤੇ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ, ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ।
ਆਰਥਿਕਤਾ ਦੇ ਨਾਲ ਹੀ ਖੇਤੀ ‘ਚ ਵਿਭਿੰਨਤਾ ‘ਤੇ ਜੋਰ
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ (Punjab's Economy) ਦੇ ਨਾਲ ਨਾਲ ਖੇਤੀਬਾੜੀ ਵਿੱਚ ਵੀ ਵਿਭਿੰਨਤਾ (Crop Diversification) ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ (Bathinda will be given priority)।
ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੁਜਗਾਰ ਦੇਣਾ ਜਰੂਰੀ
ਵਿੱਤ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 100,000 ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 200,000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।