ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਵਿੱਚ ਈਡੀ ਨੇ ਸ਼ੁੱਕਰਵਾਰ ਨੂੰ ਮਨੀਸ਼ ਸਿਸੋਦੀਆ ਦਾ 7 ਦਿਨ ਦਾ ਹੋਰ ਰਿਮਾਂਡ ਮੰਗਿਆ ਅਤੇ ਈਡੀ ਨੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਸਿਸੋਦੀਆ ਦੇ ਈਮੇਲ ਅਤੇ ਮੋਬਾਈਲ ਫੋਨ ਤੋਂ ਕੱਢੇ ਗਏ ਡੇਟਾ ਦਾ ਵਿਸ਼ਲੇਸ਼ਣ ਕਰ ਰਹੀ ਹੈ ਅਤੇ ਹੁਣ ਸਿਸੋਦੀਆ ਨੂੰ ਹੋਰ ਸਵਾਲ ਪੁੱਛਣੇ ਪੈਣਗੇ। ਇਸ ਲਈ ਸੱਤ ਦਿਨ ਦੇ ਹੋਰ ਰਿਮਾਂਡ ਦੀ ਲੋੜ ਹੈ। ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਮੁੜ 5 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ।
ਇਸ ਤੋਂ ਪਹਿਲਾਂ ਸਿਸੋਦੀਆ ਦੇ ਵਕੀਲ ਨੇ ਈਡੀ ਦੀ 11 ਘੰਟੇ ਦੀ ਪੁੱਛਗਿੱਛ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਜਦੋਂ ਇੱਕ ਏਜੰਸੀ (ਸੀਬੀਆਈ) ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ ਤਾਂ ਉਸ ਨੇ ਕੀ ਕਰਨਾ ਹੈ। ਇਸ ਤੋਂ ਇਾਲਾਵਾ ਵਕੀਲ ਨੇ ਸਿਸੋਦੀਆ ਦਾ ਰਿਮਾਂਡ ਖਤਮ ਕਰਕੇ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਵੀ ਮੰਗ ਕੀਤੀ ਹੈ। ਈਡੀ ਦੀ ਤਰਫੋਂ ਐਡਵੋਕੇਟ ਜ਼ੋਹੇਬ ਹੁਸੈਨ ਨੇ ਦਲੀਲਾਂ ਪੇਸ਼ ਕੀਤੀਆਂ। ਜਦਕਿ ਸਿਸੋਦੀਆ ਦੀ ਤਰਫੋਂ ਤਿੰਨ ਸੀਨੀਅਰ ਵਕੀਲ ਦਯਾ ਕ੍ਰਿਸ਼ਨਨ, ਰੋਹਿਤ ਮਾਥੁਰ ਅਤੇ ਸਿਧਾਰਥ ਅਗਰਵਾਲ ਨੇ ਦਲੀਲਾਂ ਦਿੱਤੀਆਂ।
ਈਡੀ ਨੇ 9 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ:ਈਡੀ ਨੇ 9 ਮਾਰਚ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ ਅਤੇ 10 ਮਾਰਚ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਤੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨ ਯਾਨੀ 17 ਮਾਰਚ ਤੱਕ ਰਿਮਾਂਡ 'ਤੇ ਭੇਜ ਦਿੱਤਾ, ਜੋ ਅੱਜ ਖਤਮ ਹੋ ਗਿਆ। ਇਸ ਤੋਂ ਪਹਿਲਾਂ 26 ਫਰਵਰੀ ਨੂੰ ਸੀਬੀਆਈ ਨੇ ਉਸ ਨੂੰ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਅਦਾਲਤ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ 21 ਮਾਰਚ ਨੂੰ ਦੁਪਹਿਰ 2 ਵਜੇ ਸੁਣਵਾਈ ਕਰੇਗੀ।
ਈਡੀ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ: ਈਡੀ ਨੇ ਅਦਾਲਤ ਨੂੰ ਤਤਕਾਲੀ ਆਬਕਾਰੀ ਕਮਿਸ਼ਨਰ ਅਰਬ ਗੋਪੀ ਕ੍ਰਿਸ਼ਨਾ ਦੀ ਭੂਮਿਕਾ ਅਤੇ ਇਸ ਵਿੱਚ ਸਿਸੋਦੀਆ ਦੀ ਸ਼ਮੂਲੀਅਤ ਬਾਰੇ ਦੱਸਿਆ। ਦੋ ਹੋਰ ਮੁਲਜ਼ਮਾਂ ਨੂੰ 19 ਅਤੇ 20 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਸਿਸੋਦੀਆ ਤੋਂ ਪੁੱਛਗਿੱਛ ਕਰਕੇ ਕੁਝ ਹੋਰ ਸਬੂਤ ਇਕੱਠੇ ਕੀਤੇ ਜਾਣੇ ਹਨ। ਦੱਸ ਦੇਈਏ ਕਿ ਪਿਛਲੀ ਵਾਰ ਅਤੇ ਇਸ ਵਾਰ ਵੀ ਰਿਮਾਂਡ ਦੀ ਮੰਗ ਕਰਦੇ ਹੋਏ ਈਡੀ ਨੇ ਕਿਹਾ ਸੀ ਕਿ ਪੁੱਛਗਿੱਛ ਲਈ 7 ਹੋਰ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ। ਸਿਸੋਦੀਆ ਦੇ ਸਾਹਮਣੇ ਬੈਠ ਕੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਹਾਲਾਂਕਿ, ਈਡੀ ਅਜੇ ਤੱਕ ਉਨ੍ਹਾਂ ਸਾਰੇ 7 ਲੋਕਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਸਿਸੋਦੀਆ ਤੋਂ ਪੁੱਛਗਿੱਛ ਨਹੀਂ ਕਰ ਸਕੀ ਹੈ। ਇਸ ਲਈ ਈਡੀ ਦੀਆਂ ਦਲੀਲਾਂ ਨੂੰ ਸਹੀ ਮੰਨਦਿਆਂ ਅਦਾਲਤ ਨੇ ਸਿਸੋਦੀਆ ਦਾ ਰਿਮਾਂਡ ਵਧਾ ਦਿੱਤਾ।