ਇੰਫਾਲ:ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਇਸ ਸਬੰਧ ਵਿੱਚ ਉਹ ਅੱਜ ਬਾਅਦ ਦੁਪਹਿਰ ਰਾਜਪਾਲ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਉਨ੍ਹਾਂ ਦੇ ਅਸਤੀਫੇ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਵਿਰੋਧੀ ਧਿਰ ਲੰਬੇ ਸਮੇਂ ਤੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ।
ਦੂਜੇ ਪਾਸੇ ਮਣੀਪੁਰ ਦੇ ਮੁੱਖ ਮੰਤਰੀ ਸਕੱਤਰੇਤ ਅਤੇ ਰਾਜ ਭਵਨ ਤੋਂ ਕਰੀਬ 100 ਮੀਟਰ ਦੂਰ ਨੂਪੀ ਲਾਲ ਕੰਪਲੈਕਸ ਵਿਖੇ ਸ਼ੁੱਕਰਵਾਰ ਨੂੰ ਸੈਂਕੜੇ ਔਰਤਾਂ ਇਕੱਠੀਆਂ ਹੋਈਆਂ ਅਤੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ। ਮਹਿਲਾ ਨੇਤਾ ਖੇਤਰੀਮਯੂਮ ਸ਼ਾਂਤੀ ਨੇ ਕਿਹਾ, 'ਇਸ ਨਾਜ਼ੁਕ ਮੋੜ 'ਤੇ, ਬੀਰੇਨ ਸਿੰਘ ਸਰਕਾਰ ਨੂੰ ਮਜ਼ਬੂਤੀ ਨਾਲ ਖੜ੍ਹਨਾ ਚਾਹੀਦਾ ਹੈ ਅਤੇ ਬਦਮਾਸ਼ਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਮਨੀਪੁਰ ਵਿੱਚ ਨਸਲੀ ਹਿੰਸਾ ਦੇ ਨਾਲ-ਨਾਲ ਸਿਆਸੀ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ। ਰਾਜ ਪਿਛਲੇ ਦੋ ਮਹੀਨਿਆਂ ਤੋਂ ਜਾਤੀ ਹਿੰਸਾ ਦੀ ਮਾਰ ਹੇਠ ਹੈ। ਇੱਥੇ 3 ਮਈ ਨੂੰ ਹਿੰਸਾ ਸ਼ੁਰੂ ਹੋਈ ਸੀ। ਲਗਭਗ ਦੋ ਮਹੀਨਿਆਂ ਤੋਂ ਚੱਲੀ ਹਿੰਸਾ ਵਿੱਚ 50 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਵੱਖ-ਵੱਖ ਘਟਨਾਵਾਂ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਮਨੀਪੁਰ ਵਿੱਚ ਕੂਕੀ ਅਤੇ ਮੀਤੀ ਵਰਗਾਂ ਵਿੱਚ ਟਕਰਾਅ ਹੈ।
ਇਸ ਦੌਰਾਨ ਵਿਰੋਧੀ ਧਿਰ ਲਗਾਤਾਰ ਸੂਬਾ ਸਰਕਾਰ 'ਤੇ ਦਬਾਅ ਬਣਾ ਰਹੀ ਹੈ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਨਾਕਾਮ ਰਹੀ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਸੂਬੇ ਦੇ ਦੌਰੇ 'ਤੇ ਹਨ। ਸੂਬੇ 'ਚ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਦੂਜਾ ਦਿਨ ਹੈ। ਉਹ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨੂੰ ਮਿਲੇ। ਉਨ੍ਹਾਂ ਦੇ ਰਾਜਪਾਲ ਨੂੰ ਮਿਲਣ ਦੀ ਵੀ ਚਰਚਾ ਹੈ। ਰਾਹੁਲ ਗਾਂਧੀ ਨੇ ਮੋਇਰਾਂਗ ਸ਼ਹਿਰ ਵਿੱਚ ਦੋ ਰਾਹਤ ਕੈਂਪਾਂ ਦਾ ਦੌਰਾ ਕੀਤਾ। ਉਹ ਸਵੇਰੇ ਹੈਲੀਕਾਪਟਰ ਰਾਹੀਂ ਮੋਇਰਾਂਗ ਪਹੁੰਚੇ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ। ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਹੁਲ ਨੇ ਜਿਨ੍ਹਾਂ ਦੋ ਕੈਂਪਾਂ ਦਾ ਦੌਰਾ ਕੀਤਾ, ਉਨ੍ਹਾਂ 'ਚ ਕਰੀਬ 1000 ਲੋਕ ਰਹਿੰਦੇ ਹਨ।