ਇੰਫਾਲ:ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਅਣਪਛਾਤੇ ਲੋਕਾਂ ਨੇ ਘੱਟੋ-ਘੱਟ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਮਲਾ ਕਾਂਗੁਈ ਇਲਾਕੇ ਦੇ ਇਰੇਂਗ ਅਤੇ ਕਰਮ ਵਾਫੇਈ ਪਿੰਡਾਂ ਵਿਚਕਾਰ ਹੋਇਆ। ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਫਿਲਹਾਲ ਜ਼ਿਆਦਾ ਵੇਰਵੇ ਨਹੀਂ ਹਨ। ਅਸੀਂ ਸਿਰਫ ਇਹ ਜਾਣਦੇ ਹਾਂ ਕਿ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ ਜਦੋਂ ਅਣਪਛਾਤੇ ਵਿਅਕਤੀਆਂ ਨੇ ਇਰੇਂਗ ਅਤੇ ਕਰਮ ਵਾਈਫੇਈ ਦੇ ਵਿਚਕਾਰ ਇੱਕ ਖੇਤਰ ਵਿੱਚ ਤਿੰਨ ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ।
'ਮਨ ਕੀ ਬਾਤ' 'ਚ ਮਨੀਪੁਰ ਮੁੱਦੇ 'ਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਮੰਗ: ਇਸ ਤੋਂ ਪਹਿਲਾਂ ਐਤਵਾਰ ਨੂੰ ਮਨੀਪੁਰ ਦੇ ਇੰਫਾਲ 'ਚ ਲੋਕਾਂ ਨੇ ਐੱਨ. ਬੀਰੇਨ ਸਿੰਘ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਅਮਨ-ਸ਼ਾਂਤੀ ਬਹਾਲ ਕੀਤੀ ਜਾਵੇ। ਪ੍ਰਦਰਸ਼ਨਕਾਰੀ ਇੰਫਾਲ ਪੱਛਮੀ ਜ਼ਿਲ੍ਹੇ ਦੇ ਸੰਗਾਈਪਰੂ ਇਲਾਕੇ 'ਚ ਇਕੱਠੇ ਹੋਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਸ਼ਾਂਤੀ ਬਹਾਲ ਕਰਨ ਲਈ ਯੋਗ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਮਨੀਪੁਰ ਮੁੱਦੇ ਬਾਰੇ ਗੱਲ ਕਰਨ ਲਈ ਵੀ ਕਿਹਾ।