ਇੰਫਾਲ: ਨਸਲੀ ਹਿੰਸਾ ਤੋਂ ਪ੍ਰਭਾਵਿਤ ਮਣੀਪੁਰ ਵਿੱਚ ਐਤਵਾਰ ਨੂੰ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਦੇ ਤਹਿਤ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ। ਇਹ ਜਾਣਕਾਰੀ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ 'ਚ ਦਿੱਤੀ ਗਈ। 3 ਮਈ ਨੂੰ ਬਹੁਗਿਣਤੀ ਮੇਈਟੀ ਅਤੇ ਘੱਟ ਗਿਣਤੀ ਕੁਕੀ ਭਾਈਚਾਰੇ ਦਰਮਿਆਨ ਨਸਲੀ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਮਣੀਪੁਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ।
ਮੁੱਖ ਮੰਤਰੀ ਨੇ ਹਿੰਸਾ ਵਿੱਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਦੇ ਦਿੱਤੇ ਸੰਕੇਤ: ਇਸ ਦੌਰਾਨ, ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਸ਼ਨੀਵਾਰ ਨੂੰ ਸੰਕੇਤ ਦਿੱਤਾ ਕਿ ਰਾਜ ਵਿੱਚ ਕਈ ਜਾਨਾਂ ਲੈ ਚੁੱਕੇ ਨਸਲੀ ਹਿੰਸਾ ਪਿੱਛੇ ਬਾਹਰੀ ਤਾਕਤਾਂ ਜਾਂ ਤੱਤ ਹੋ ਸਕਦੇ ਹਨ। ਇਹ ਸਾਰਾ ਮਾਮਲਾ ਪਹਿਲਾਂ ਤੋਂ ਯੋਜਨਾਬੱਧ ਜਾਪਦਾ ਹੈ। ਮੁੱਖ ਮੰਤਰੀ ਨੇ ਕਿਹਾ, 'ਮਣੀਪੁਰ ਦੀ ਮਿਆਂਮਾਰ ਨਾਲ ਸਰਹੱਦ ਸਾਂਝੀ ਹੈ। ਚੀਨ ਵੀ ਨੇੜੇ ਹੈ। ਸਾਡੀਆਂ 398 ਕਿਲੋਮੀਟਰ ਸਰਹੱਦਾਂ ਅਸੁਰੱਖਿਅਤ ਹਨ। ਸਾਡੀਆਂ ਸਰਹੱਦਾਂ 'ਤੇ ਸੁਰੱਖਿਆ ਬਲ ਤਾਇਨਾਤ ਹਨ ਪਰ ਇਕ ਮਜ਼ਬੂਤ ਅਤੇ ਵਿਆਪਕ ਸੁਰੱਖਿਆ ਤਾਇਨਾਤੀ ਵੀ ਇੰਨੇ ਵੱਡੇ ਖੇਤਰ ਨੂੰ ਕਵਰ ਨਹੀਂ ਕਰ ਸਕਦੀ। ਹਾਲਾਂਕਿ, ਜੋ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ, ਅਸੀਂ ਨਾ ਤਾਂ ਇਨਕਾਰ ਕਰ ਸਕਦੇ ਹਾਂ ਅਤੇ ਨਾ ਹੀ ਮਜ਼ਬੂਤੀ ਨਾਲ ਪੁਸ਼ਟੀ ਕਰ ਸਕਦੇ ਹਾਂ। ਇਹ ਪਹਿਲਾਂ ਤੋਂ ਯੋਜਨਾਬੱਧ ਜਾਪਦਾ ਹੈ ਪਰ ਕਾਰਨ ਸਪੱਸ਼ਟ ਨਹੀਂ ਹੈ।
ਪਾਬੰਦੀਆਂ ’ਚ ਅੱਜ ਢਿੱਲ:ਇੰਫਾਲ ਪੱਛਮੀ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ, ਐਨ ਜੌਨਸਨ ਮੇਈਟੀ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, 'ਇੰਫਾਲ ਪੱਛਮੀ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿੱਚ ਆਮ ਲੋਕਾਂ ਦੇ ਘਰਾਂ ਤੋਂ ਬਾਹਰ ਆਉਣ ਲਈ ਲਗਾਈ ਗਈ ਪਾਬੰਦੀ ਸਵੇਰੇ 5 ਵਜੇ ਤੋਂ ਲਾਗੂ ਹੋਵੇਗੀ। ਐਤਵਾਰ ਯਾਨੀ ਅੱਜ 2 ਜੁਲਾਈ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਹੋਏ ਜ਼ਿਕਰਯੋਗ ਸੁਧਾਰ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਦਵਾਈਆਂ ਅਤੇ ਖਾਣ-ਪੀਣ ਸਮੇਤ ਹੋਰ ਜ਼ਰੂਰੀ ਵਸਤਾਂ ਖਰੀਦਣ ਦੀ ਸਹੂਲਤ ਦੇਣ ਲਈ ਪਾਬੰਦੀ ਵਿਚ ਢਿੱਲ ਦੇਣ ਦੀ ਵੀ ਲੋੜ ਹੈ।