ਅਗਰਤਲਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਾਨਿਕ ਸਾਹਾ ਨੇ ਬੁੱਧਵਾਰ ਨੂੰ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ਰਾਜਪਾਲ ਸਤਿਆਦੇਵ ਨਰਾਇਣ ਆਰੀਆ ਨੇ ਰਤਨ ਲਾਲ ਨਾਥ, ਪ੍ਰਣਜੀਤ ਸਿੰਘਾ ਰਾਏ, ਸਾਂਤਾਨਾ ਚਕਮਾ, ਟਿੰਕੂ ਰਾਏ ਅਤੇ ਵਿਕਾਸ ਦੇਬਰਮਾ ਸਮੇਤ ਅੱਠ ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਨਾਲ-ਨਾਲ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਹਾਜ਼ਰ ਸਨ। ਮੌਕੇ ਉੱਤੇ ਮੌਜੂਦ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਨਵੇਂ ਮੰਤਰੀਆਂ ਨੂੰ ਵਧਾਈ ਦਿਤੀ ਹੈ ਅਤੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾਉਣ ਦੀ ਆਸ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਚਾਰ ਮੰਤਰੀਆਂ ਨੂੰ ਵੀ ਨਵੀਂ ਕੈਬਨਿਟ ਵਿੱਚ ਥਾਂ ਮਿਲੀ :ਜਾਣਕਾਰੀ ਮੁਤਾਬਿਕ ਕੁੱਲ ਮਿਲਾ ਕੇ, ਭਾਜਪਾ ਦੇ ਅੱਠ ਅਤੇ ਇਸ ਦੇ ਸਹਿਯੋਗੀ ਆਈਪੀਐਫਟੀ ਦੇ ਇੱਕ ਮੈਂਬਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਪੰਜ ਨਵੇਂ ਚਿਹਰੇ ਹਨ, ਜਦੋਂਕਿ ਪਹਿਲਾਂ ਮੰਤਰੀ ਮੰਡਲ ਦਾ ਹਿੱਸਾ ਰਹੇ ਚਾਰ ਮੰਤਰੀਆਂ ਨੂੰ ਵੀ ਨਵੀਂ ਕੈਬਨਿਟ ਵਿੱਚ ਥਾਂ ਮਿਲੀ ਹੈ। ਭਾਜਪਾ ਦੀ ਤ੍ਰਿਪੁਰਾ ਇਕਾਈ ਦੇ ਮੁੱਖ ਬੁਲਾਰੇ ਸੁਬਰਤ ਚੱਕਰਵਰਤੀ ਨੇ ਦੱਸਿਆ ਕਿ ਮਾਨਿਕ ਸਾਹਾ ਨੇ ਵਿਵੇਕਾਨੰਦ ਮੈਦਾਨ 'ਚ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਸਨ। ਮੋਦੀ ਬੁੱਧਵਾਰ ਸਵੇਰੇ 10.35 ਵਜੇ ਗੁਹਾਟੀ ਤੋਂ ਇੱਥੇ ਪਹੁੰਚੇ।