ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਮੁਹੰਮਦ ਬਿਨ ਤੁਗਲਕ ਨੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੋਲਕਾਤਾ ਤਬਦੀਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੁਹੰਮਦ ਬਿਨ ਤੁਗਲਕ ਵਾਂਗ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਰਾਜਧਾਨੀ ਨੂੰ ਦਿੱਲੀ ਤੋਂ ਕੋਲਕਾਤਾ ਤਬਦੀਲ ਕਰਨ ਲਈ ਜਾਣਿਆ ਜਾਂਦਾ ਹੈ। ਬੈਨਰਜੀ ਨੇ ਵੀਰਵਾਰ ਦੁਪਹਿਰ ਨੂੰ ਆਪਣੇ ਕਾਲੀਘਾਟ ਨਿਵਾਸ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ, 'ਮੈਂ ਸੁਣਿਆ ਹੈ ਕਿ ਮੁਹੰਮਦ ਬਿਨ ਤੁਗਲਕ ਨੇ ਰਾਜਧਾਨੀ ਦਿੱਲੀ ਤੋਂ ਕੋਲਕਾਤਾ ਬਦਲ ਦਿੱਤੀ ਸੀ। ਮੈਂ ਕਦੇ ਵੀ ਸੜਕਾਂ ਦੇ ਨਾਮ ਵੱਡੇ ਪੱਧਰ 'ਤੇ ਬਦਲਣ ਬਾਰੇ ਨਹੀਂ ਸੁਣਿਆ ਹੈ। ਜੇਕਰ ਕਿਸੇ ਸੰਸਥਾ ਦਾ ਨਾਂ ਕਿਸੇ ਇਨਕਲਾਬੀ ਦੇ ਨਾਂ 'ਤੇ ਰੱਖਿਆ ਜਾਵੇ ਤਾਂ ਠੀਕ ਹੈ ਪਰ ਇਤਿਹਾਸ ਨੂੰ ਇਸ ਤਰ੍ਹਾਂ ਕਿਵੇਂ ਬਦਲਿਆ ਜਾ ਸਕਦਾ ਹੈ?
ਕੇਂਦਰ ਦੇ ਨੋਟਬੰਦੀ ਅਤੇ ਜੀਐਸਟੀ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਪਹਿਲਾਂ 1000 ਰੁਪਏ ਅਤੇ ਫਿਰ 2000 ਰੁਪਏ ਦੇ ਨੋਟ ਚਲਣ ਤੋਂ ਹਟਾਏ ਗਏ, ਹੁਣ ਪਾਠ ਪੁਸਤਕਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਤੁਗਲਕ ਵਾਂਗ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ? ਇਹ ਸਭ ਕੀ ਹੈ?