ਕੋਲਕਾਤਾ: ਨੰਦੀਗ੍ਰਾਮ 'ਚ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋਏ ਮਮਤਾ ਬੈਨਰਜੀ ਨੂੰ ਅੱਜ ਕੋਲਕਾਤਾ ਸਥਿਤ ਐਸ.ਐਸ.ਕੇ.ਐਮ. ਹਸਪਤਾਲ ਚੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਚ ਕਾਫੀ ਸੁਧਾਰ ਹੋ ਰਿਹਾ ਹੈ। ਐਸ.ਐਸ.ਕੇ.ਐਮ. ਹਸਪਤਾਲ ਵੱਲੋਂ ਜਾਰੀ ਇਕ ਬਿਆਨ ਚ ਕਿਹਾ ਗਿਆ ਹੈ ਕਿ ਮਮਤਾ ਬੈਨਰਜੀ ਵੱਲੋਂ ਕੀਤੀ ਗਈ ਬੇਨਤੀ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਦਿੱਤੀ ਗਈ ਹੈ। ਹਸਪਤਾਲ ਨੇ ਇਹ ਵੀ ਕਿਹਾ ਕਿ ਡਾਕਟਰ ਉਨ੍ਹਾਂ ਨੂੰ ਹੋਰ 48 ਘੰਟੇ ਆਪਣੀ ਨਿਗਰਾਨੀ ਹੇਠ ਰੱਖਣਾ ਚਾਹੁੰਦੇ ਸੀ ਹਾਲਾਂਕਿ ਉਨ੍ਹਾਂ ਨੇ ਡਿਸਚਾਰਜ ਕਰਨ ਦੀ ਬੇਨਤੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਾਵਧਾਨੀਆਂ ਦੇ ਨਾਲ ਛੁੱਟੀ ਦੇ ਦਿੱਤੀ ਗਈ।
ਨੰਦੀਗ੍ਰਾਮ ਚ ਚੋਣ ਪ੍ਰਚਾਰ ਦੌਰਾਨ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜ਼ਖਮੀ ਹੋਣ ਤੋਂ ਬਾਅਦ ਰਾਜ ਚ ਰਾਜਨੀਤੀ ਕਾਫੀ ਗਰਮਾ ਗਈ। ਬੁੱਧਵਾਰ ਨੂੰ ਤ੍ਰਿਣਮੂਲ ਨੇ ਇਸ ਹਮਲੇ ਦੇ ਪਿੱਛੇ ਆਪਣੇ ਰਾਜਨੀਤੀਕ ਵਿਰੋਧੀਆਂ ਨੂੰ ਦੋਸ਼ੀ ਠਹਰਾਉਂਦੇ ਹੋਏ ਇਸਨੂੰ ਸਾਜਿਸ ਕਰਾਰ ਦਿੱਤਾ ਹੈ ਜੋ ਕਿ ਬੈਨਰਜੀ ਨੂੰ ਬੰਗਾਲ ਦੇ ਲੋਕਾਂ ਕੋਲੋਂ ਮਿਲ ਰਹੀ ਜੋਰਦਾਰ ਪ੍ਰਤੀਕ੍ਰਿਆ ਦੇ ਚੱਲਦੇ ਰਚੀ ਗਈ। ਤ੍ਰਿਣਮੂਲ ਦੇ ਸੰਸਦ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਇਸ ਘਟਨਾ ਦੇ ਲਈ ਜਿੰਮੇਵਾਰ ਲੋਕਾਂ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਘਟਨਾ ਦੇ 30 ਮਿੰਟ ਦੇ ਅੰਦਰ ਹੀ ਜੋ ਵੀ ਬਿਆਨ ਆਏ ਉਹ ਨਿਰਾਸ਼ਾਜਨਕ ਹਨ। ਓ ਬ੍ਰਾਇਨ ਨੇ ਇਹ ਨਰਾਜ਼ਗੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਧੀਰ ਰੰਜਨ ਚੌਧਰੀ ਦੇ ਉਸ ਬਿਆਨ ਤੇ ਜਤਾਈ ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ ਬੈਨਰਜੀ ਹਮਲੇ ਦਾ ਬਹਾਨਾ ਬਣਾ ਕੇ ਦਿਲਾਸਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।