ਲੰਡਨ: ਕਰਜ਼ੇ ਦੇ ਭਾਰੀ ਬੋਝ ਹੇਠ ਦੱਬੇ ਕਾਰੋਬਾਰੀ ਵਿਜੇ ਮਾਲਿਆ (Businessman Vijay Mallya) ਦੇ ਲੰਡਨ ਸਥਿਤ ਆਲੀਸ਼ਾਨ ਘਰ ਨੂੰ ਬੈਂਕ ਹੁਣ ਕਿਸੇ ਵੀ ਸਮੇਂ ਬੇਦਖਲ ਕਰਕੇ ਆਪਣੇ ਕਬਜ਼ੇ 'ਚ ਲੈ ਸਕਦਾ ਹੈ। ਭਾਰਤ 'ਚ ਕਰੋੜਾਂ ਰੁਪਏ ਦੀ ਬੈਂਕ ਕਰਜ਼ਾ ਧੋਖਾਧੜੀ ਦੇ ਮਾਮਲੇ 'ਚ ਭਗੌੜਾ ਐਲਾਨੇ ਗਏ ਮਾਲਿਆ ਕਰੀਬ 5 ਸਾਲਾਂ ਤੋਂ ਬ੍ਰਿਟੇਨ 'ਚ ਰਹਿ ਰਹੇ ਹਨ। ਬ੍ਰਿਟੇਨ ਦੀ ਅਦਾਲਤ ਨੇ ਮੰਗਲਵਾਰ ਨੂੰ ਮਾਲਿਆ (65) ਨੂੰ ਇਸ ਆਲੀਸ਼ਾਨ ਘਰ ਤੋਂ ਕੱਢਣ ਦੇ ਆਦੇਸ਼ 'ਤੇ ਰੋਕ ਲਗਾਉਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ।
ਸਵਿਸ ਬੈਂਕ ਯੂਬੀਐਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਵਿੱਚ ਮਾਲਿਆ ਦੇ ਘਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਮਾਲਿਆ ਨੇ ਹੁਕਮਾਂ ਦੀ ਪਾਲਣਾ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ, ਪਰ ਲੰਡਨ ਹਾਈ ਕੋਰਟ ਦੇ ਚੈਂਸਰੀ ਡਿਵੀਜ਼ਨ ਦੇ ਜੱਜ ਮੈਥਿਊ ਮਾਰਸ਼ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਾਲਿਆ ਪਰਿਵਾਰ ਨੂੰ ਬਕਾਇਆ ਭੁਗਤਾਨ ਕਰਨ ਲਈ ਵਾਧੂ ਸਮਾਂ ਦੇਣ ਦਾ ਕੋਈ ਆਧਾਰ ਨਹੀਂ ਹੈ।