ਮੁੰਬਈ: ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਕੰਟੇਨਰ ਟਰੱਕ ਨੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਇੱਕ ਹੋਟਲ 'ਚ ਜਾ ਟਕਰਾਈ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਕਰੀਬ 16 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਧੂਲੇ ਜ਼ਿਲ੍ਹੇ 'ਚ ਮੁੰਬਈ-ਆਗਰਾ ਹਾਈਵੇਅ 'ਤੇ ਪਲਾਸਨੇਰ ਪਿੰਡ ਨੇੜੇ ਦੁਪਹਿਰ ਕਰੀਬ 12 ਵਜੇ ਵਾਪਰਿਆ। ਉਸ ਨੇ ਦੱਸਿਆ ਕਿ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਸਨ, ਜਿਸ ਤੋਂ ਬਾਅਦ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਟਰੱਕ ਨੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਹਾਈਵੇਅ 'ਤੇ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਜਾ ਵੱਜਾ। ਉਸ ਨੇ ਦੱਸਿਆ ਕਿ ਟਰੱਕ ਮੱਧ ਪ੍ਰਦੇਸ਼ ਤੋਂ ਧੂਲੇ ਵੱਲ ਜਾ ਰਿਹਾ ਸੀ।
ਹਾਦਸੇ ਵਿੱਚ 10 ਲੋਕਾਂ ਦੀ ਮੌਤ: ਜਾਣਕਾਰੀ ਮੁਤਾਬਕ ਮੁੰਬਈ-ਆਗਰਾ ਹਾਈਵੇਅ 'ਤੇ ਧੂਲੇ ਜ਼ਿਲ੍ਹੇ 'ਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਸਰਹੱਦ 'ਤੇ ਸਥਿਤ ਪਲਾਸਨੇਰ ਪਿੰਡ 'ਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੁਣ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਉੱਥੇ ਹੀ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਸ਼ਿਰਪੁਰ ਕਾਟੇਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਚਾਰ ਤੋਂ ਪੰਜ ਵਾਹਨਾਂ ਵਿਚਾਲੇ ਅਜੀਬ ਟੱਕਰ ਹੋ ਗਈ।