ਹਰਿਆਣਾ:ਟਿਕਰੀ ਸਰਹੱਦ ’ਤੇ ਤੜਕਸਾਰ ਇੱਕ ਦਰਦਨਾਕ ਹਾਦਸਾ (Major accident at Tikri border) ਵਾਪਰਿਆ ਹੈ ਜਿੱਥੇ 6 ਔਰਤਾਂ ਨੂੰ ਟਰੱਕ ਨੇ ਦਰੜ ਦਿੱਤਾ। ਇਹਨਾਂ ਵਿੱਚੋਂ 3 ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ (3 women farmers killed) ਤੇ 2 ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹਨ ਜਿਹਨਾਂ ਨੂੰ PGI ਰੈਫ਼ਰ ਕਰ ਦਿੱਤਾ ਗਿਆ ਹੈ।
ਟਿਕਰੀ ਬਾਰਡਰ ’ਤੇ ਵਾਪਰਿਆ ਵੱਡਾ ਹਾਦਸਾ ਇਹ ਘਟਨਾ ਪਕੌੜਾ ਚੌਕ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਜਿਹਨਾਂ ਔਰਤਾਂ ਦੀ ਮੌਤ ਹੋਈ ਹੈ ਉਹ ਮਾਨਸਾ ਜ਼ਿਲ੍ਹੇ ਨਾਲ ਸਬੰਧੀ ਰੱਖ ਦੀਆਂ ਸਨ ਜੋ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਈਆਂ ਸਨ।
ਇਹ ਵੀ ਪੜੋ:ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ CM ਚੰਨੀ ਨੂੰ ਵੀ ਸੱਦਿਆ ਦਿੱਲੀ, ਅਰੂਸਾ ਵਿਵਾਦ ਤੋਂ ਨਾਰਾਜ਼ ਹਾਈਕਮਾਨ
ਇਸ ਮੌਕੇ ਚਸ਼ਮਦੀਦ ਨੇ ਦੱਸਿਆ ਕਿ 6 ਤੋਂ 7 ਕਿਸਾਨ ਬੀਬੀਆਂ ਕਿਸਾਨੀ ਧਰਨੇ ਤੋਂ ਆਪਣੇ ਘਰ ਜਾ ਰਹੀਆਂ ਹਨ ਤਾਂ ਉਹ ਸਾਧਨ ਦੀ ਉਡੀਕ ਕਰਦੀਆਂ ਫੁੱਟਪਾਥ ’ਤੇ ਬੈਠੀਆਂ ਸਨ ਤਾਂ ਇੰਨੇ ਨੂੰ ਇੱਕ ਟਰੱਕ ਆਇਆ ਤੇ ਬੀਬੀਆਂ ਨੂੰ ਦਰੜ ਦਿੱਤਾ। ਉਹਨਾਂ ਨੇ ਦੱਸਿਆ ਕਿ 2 ਬੀਬੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਟਰੱਕ ਵਾਲਾ ਟਰੱਕ ਛੱਡ ਭੱਜ ਗਿਆ ਹੈ।
ਮਾਨਸਾ ਜ਼ਿਲ੍ਹੇ ਨਾਲ ਸਬੰਧ ਰੱਖਦੀਆਂ ਸਨ ਕਿਸਾਨ ਬੀਬੀਆਂ
ਇਹ ਮਾਤਾਵਾਂ ਮਾਨਸਾ ਜ਼ਿਲ੍ਹੇ ਦੇ ਦਿਆਲੂ ਵਾਲੇ ਖੀਵੇ ਦੀਆਂ ਸਨ। ਦੱਸ ਦਈਏ ਕਿ ਇਹ ਕਿਸਾਨ ਬੀਬੀਆਂ-ਭੈਣਾਂ ਟਿਕਰੀ ਤੋਂ ਵਾਪਸ ਮਾਨਸਾ ਆਉਣ ਲਈ ਡਵਾਈਡਰ 'ਤੇ ਬੈਠੀਆਂ ਆਟੋ ਦੀ ਉਡੀਕ ਕਰ ਰਹੀਆਂ ਸਨ, ਜਿਹਨਾਂ ਨੇ ਰੇਲਵੇ ਸਟੇਸ਼ਨ ਜਾਣਾ ਸੀ। ਇਹ ਘਟਨਾ ਝੱਜਰ ਪੁਲ ਦੇ ਹੇਠਾਂ ਵਾਪਰੀ ਹੈ।
ਟਿਕਰੀ ਬਾਰਡਰ ’ਤੇ ਵਾਪਰਿਆ ਵੱਡਾ ਹਾਦਸਾ ਇਨ੍ਹਾਂ ਦੇ ਨਾਂ ਛਿੰਦਰ ਕੌਰ ਪਤਨੀ ਭਾਨ ਸਿੰਘ ਉਮਰ 60 ਸਾਲ, ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਉਮਰ 58 ਸਾਲ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਉਮਰ 60 ਸਾਲ ਹਨ। ਇੱਕ ਹੋਰ ਮਹਿਲਾ ਕਿਸਾਨ ਗੁਰਮੇਲ ਸਿੰਘ ਪਤਨੀ ਮੇਹਰ ਦੇ ਵੀ ਸੱਟਾਂ ਲੱਗਣ ਦੀ ਸੂਚਨਾ ਹੈ। ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ, ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜੋ:ਵੱਡੀ ਸਫਲਤਾ : ਭਾਰਤ ਨੇ 5,000 ਕਿਮੀ ਤੱਕ ਮਾਰ ਦੀ ਸਮਰੱਥਾ ਵਾਲੀ ਅਗਨੀ-5 ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
ਦੂਜੇ ਪਾਸੇ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ
ਉਥੇ ਹੀ ਇਸ ਹਾਦਸੇ ਵਿੱਚ ਮਾਰੇ ਜਾਣ ਵਾਲੇ ਪੀੜਤ ਪਰਿਵਾਰਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਖਿਆ ਕਿ ‘ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਟਿਕਰੀ ਬਾਰਡਰ ਨੇੜੇ ਟਰੱਕ ਦੀ ਟੱਕਰ ਵਿੱਚ 3 ਮਹਿਲਾ ਕਿਸਾਨਾਂ ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਹਰਿਆਣਾ ਪੁਲਿਸ ਨੂੰ ਦੋਸ਼ੀਆਂ ਨੂੰ ਲੱਭ ਕੇ ਸਲਾਖਾਂ ਪਿੱਛੇ ਡੱਕੇ।
ਗੁਆਚੀਆਂ ਜਾਨਾਂ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਇਸ ਦੁਖਾਂਤ ਨਾਲ ਪੰਜਾਬ ਦੇ ਸਬੰਧਤ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਾਲਾਂਕਿ, ਵਿੱਤੀ ਰਾਹਤ ਦਾ ਸਹਾਰਾ ਲੈਂਦੇ ਹੋਏ, ਮੇਰੀ ਸਰਕਾਰ ਮ੍ਰਿਤਕਾਂ ਲਈ 5-5 ਲੱਖ ਰੁਪਏ ਅਤੇ ਜ਼ਖਮੀਆਂ ਲਈ ਮੁਫਤ ਇਲਾਜ ਦਾ ਐਲਾਨ ਕਰਦੀ ਹੈ।
ਉਪ-ਮੁੱਖ ਮੰਤਰੀ ਰੰਧਾਵਾ ਦਾ ਟਵੀਟ
ਉਥੇ ਹੀ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਬਹਾਦਰਗੜ੍ਹ ਚ ਕਿਸਾਨ ਮਹਿਲਾਵਾਂ ਨਾਲ ਹੋਏ ਹਾਦਸੇ ਨੇ ਦਿਲ ਪਸੀਜ ਦਿੱਤਾ ਹੈ। ਮੈਂ ਵਾਹਿਗੁਰੂ ਜੀ ਅੱਗੇ ਰੂਹਾਂ ਦੀ ਸ਼ਾਂਤੀ ਦੀ ਅਰਦਾਸ ਕਰਦਾ ਹਾਂ,ਅਤੇ ਮੋਦੀ ਸਰਕਾਰ ਨੂੰ ਇੱਕ ਵਾਰ ਫੇਰ ਤੋ ਕਾਲੇ ਕਨੂੰਨ ਰੱਦ ਕਰਨ ਦੀ ਮੰਗ ਕਰਦਾ ਹਾਂ। ਜੇਕਰ ਕਾਲੇ ਕਾਨੂੰਨ ਨਾ ਹੁੰਦੇ ਤਾਂ ਅੱਜ ਸਾਡੇ ਕਿੰਨੇ ਹੀ ਕਿਸਾਨ ਬਾਰਡਰਾਂ ਉੱਤੇ ਇੰਝ ਸ਼ਹੀਦ ਨਾ ਹੁੰਦੇ।
ਕੈਪਟਨ ਦਾ ਟਵੀਟ
ਉਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ ਹੈ ਤੇ ਪੀੜਤ ਪਰਿਵਾਰਾ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਜਤਾਇਆ ਦੁੱਖ
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਮਾਨਸਾ ਦੀਆਂ 3 ਔਰਤਾਂ ਜੋ ਕਿ ਟਿਕਰੀ ਬਾਰਡਰ 'ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀਆਂ ਸਨ, ਇੱਕ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ ਆਪਣੀ ਜਾਨ ਗੁਆ ਬੈਠੀਆਂ। ਅਸੀਂ ਗਲਤ ਇਰਾਦੇ ਲਈ ਘਟਨਾ ਦੀ ਜਾਂਚ ਅਤੇ ਤੁਰੰਤ ਸਰਕਾਰੀ ਸਹਾਇਤਾ ਦੀ ਮੰਗ ਕਰਦੇ ਹਾਂ। ਉਨ੍ਹਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।