ਹਿੰਗੋਲੀ—ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 4 ਸਾਲ ਦੇ ਬੱਚੇ ਨੇ ਖੇਡਦੇ ਹੋਏ ਭਗਵਾਨ ਮਾਨਵ ਦਾ ਲਾਕੇਟ ਨਿਗਲ ਲਿਆ। ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲਾਕੇਟ 3 ਇੰਚ ਧਾਤੂ ਦਾ ਬਣਿਆ ਹੋਇਆ ਸੀ। ਭਗਵਾਨ ਹਨੂੰਮਾਨ ਦਾ ਇਹ ਲਾਕੇਟ ਬੱਚੇ ਦੇ ਭੋਜਨ ਦੀ ਨਾੜੀ 'ਚ ਫਸ ਗਿਆ। ਇਸ ਲਾਕੇਟ ਕਾਰਨ ਬੱਚੇ ਦਾ ਦਮ ਘੁੱਟਣ ਲੱਗਾ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਗਏ, ਜਿੱਥੇ ਉਸ ਦੇ ਗਲੇ 'ਚੋਂ ਲਾਕੇਟ ਉਤਾਰ ਦਿੱਤਾ ਗਿਆ।
ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨਿਤਿਨ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੀ ਫੂਡ ਪਾਈਪ 'ਚ ਫਸੇ ਹਨੂੰਮਾਨ ਜੀ ਦੇ ਲਾਕੇਟ ਨੂੰ ਇਕ ਮਿੰਟ 10 ਸੈਕਿੰਡ 'ਚ ਬਾਹਰ ਕੱਢ ਲਿਆ ਅਤੇ ਬੱਚੇ ਦੀ ਜਾਨ ਬਚਾਈ। ਇਸ ਆਪ੍ਰੇਸ਼ਨ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਡਾਕਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚਾ ਅਤੇ ਪਰਿਵਾਰ ਹਿੰਗੋਲੀ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਬੱਚੇ ਨੇ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਇਹ ਲਾਕੇਟ ਨਿਗਲ ਲਿਆ ਸੀ। ਇਹ ਲਾਕੇਟ ਸਵੇਰੇ 6.38 ਵਜੇ ਤੱਕ ਬੱਚੇ ਦੇ ਭੋਜਨ ਦੀ ਨਾਲੀ 'ਚ ਫਸਿਆ ਰਿਹਾ।
ਘਟਨਾ ਤੋਂ ਬਾਅਦ ਪਰਿਵਾਰ ਵਾਲੇ ਬੱਚੇ ਨੂੰ ਪਹਿਲਾਂ ਇਲਾਕੇ ਦੇ ਡਾਕਟਰ ਨਾਂਦੇੜ ਕੋਲ ਲੈ ਗਏ, ਜਿਨ੍ਹਾਂ ਨੇ ਬੱਚੇ ਨੂੰ ਡਾਕਟਰ ਨਿਤਿਨ ਜੋਸ਼ੀ ਦੇ ਗਲੈਕਸੀ ਡਾਇਜੈਸਟਿਵ ਹਸਪਤਾਲ ਲਈ ਰੈਫਰ ਕਰ ਦਿੱਤਾ। ਬੱਚੇ ਨੂੰ ਲੈ ਕੇ ਉਸ ਦੇ ਰਿਸ਼ਤੇਦਾਰ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਨਿਤਿਨ ਜੋਸ਼ੀ ਦੇ ਹਸਪਤਾਲ ਪੁੱਜੇ। ਉਹ ਬੱਚਾ ਅਸਹਿ ਦਰਦ ਨਾਲ ਚੀਕ ਰਿਹਾ ਸੀ। ਡਾਕਟਰ ਨਿਤਿਨ ਜੋਸ਼ੀ ਨੇ ਉਸ ਬੱਚੇ ਦਾ ਚੈਕਅੱਪ ਕੀਤਾ ਅਤੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਸਿਰਫ਼ ਇੱਕ ਮਿੰਟ ਅਤੇ ਦਸ ਸਕਿੰਟਾਂ ਵਿੱਚ ਉਸ ਨੇ ਬੱਚੇ ਦੇ ਗਲੇ ਵਿੱਚ ਫਸੇ ਇਸ ਲਾਕੇਟ ਨੂੰ ਬਾਹਰ ਕੱਢ ਲਿਆ।
ਬੱਚੇ ਦੇ ਗਲੇ 'ਚੋਂ ਲਾਕੇਟ ਨਿਕਲਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਇਸ ਸਫਲ ਆਪ੍ਰੇਸ਼ਨ ਤੋਂ ਬਾਅਦ ਡਾ: ਨਿਤਿਨ ਜੋਸ਼ੀ ਨੇ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਆਪਣੇ ਛੋਟੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਣੇ ਬੱਚੇ ਨੂੰ ਕੋਈ ਵੀ ਵਸਤੂ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਇਹ ਉਸ ਲਈ ਕਿਸੇ ਵੀ ਤਰ੍ਹਾਂ ਨੁਕਸਾਨਦਾਇਕ ਨਾ ਹੋਵੇ। ਕਿਉਂਕਿ ਕਈ ਵਾਰ ਕੁਝ ਚੀਜ਼ਾਂ ਬੱਚਿਆਂ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ:ਪਤਨੀ ਨੂੰ 'ਸੈਲਫੀ ਦੇ ਬਹਾਨੇ ਪਹਾੜੀ 'ਤੇ ਲੈ ਗਿਆ ਪਤੀ, ਫਿਰ ਗਲਾ ਘੁੱਟ ਕੇ ਸੁੱਟ ਦਿੱਤਾ ਹੇਠਾਂ.. ਪਤਨੀ ਨੇ ਦੱਸੀ ਕਹਾਣੀ