ਮੁੰਬਈ :ਤ੍ਰਿੰਬਕੇਸ਼ਵਰ ਮੰਦਰ 'ਚ ਜ਼ਬਰਦਸਤੀ ਦਾਖਲ ਹੋਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਵੀ ਸ਼ਾਮਲ ਹੋ ਗਈ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਘਟਨਾ ਦੀ ਜਾਂਚ ਲਈ ਐਸਆਈਟੀ ਬਣਾਉਣ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਦੂਜੇ ਧਰਮਾਂ ਦੇ ਕੁਝ ਲੋਕਾਂ ਨੇ ਨਾਸਿਕ ਦੇ ਮਸ਼ਹੂਰ ਤ੍ਰਿੰਬਕੇਸ਼ਵਰ ਮੰਦਰ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਪ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕਰਨ ਦੇ ਆਦੇਸ਼ ਦਿੱਤੇ।
Trimbakeshwar Temple News: ਤ੍ਰਿੰਬਕੇਸ਼ਵਰ ਮੰਦਰ 'ਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਦੀ ਜਾਂਚ ਕਰੇਗੀ SIT - Home Minister Devendra Fadnavis
ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਸਿਕ ਦੇ ਤ੍ਰਿੰਬਕੇਸ਼ਵਰ ਮੰਦਰ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਦੀ ਜਾਂਚ ਲਈ ਇੱਕ ਐਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਹਨ। ਦੇਵੇਂਦਰ ਫੜਨਵੀਸ ਦੇ ਹੁਕਮਾਂ ਅਨੁਸਾਰ ਇਸ ਘਟਨਾ ਦੀ ਜਾਂਚ ਲਈ ਗਠਿਤ ਐਸਆਈਟੀ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਰੈਂਕ ਦੇ ਅਧਿਕਾਰੀ ਕਰਨਗੇ।
ਮੰਦਿਰ ਵਿੱਚ ਵੜਨ ਦੀ ਕੋਸ਼ਿਸ਼ ਅਸਫਲ :ਇਸ ਤੋਂ ਪਹਿਲਾਂ, ਨਾਸਿਕ ਸਥਿਤ ਮੰਦਰ ਟਰੱਸਟ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਤ੍ਰਿੰਬਕੇਸ਼ਵਰ ਮੰਦਰ ਦੇ ਸੁਰੱਖਿਆ ਗਾਰਡਾਂ ਨੇ ਸ਼ਨੀਵਾਰ ਰਾਤ ਨੂੰ ਦੂਜੇ ਧਰਮਾਂ ਦੇ ਲੋਕਾਂ ਦੇ ਇੱਕ ਸਮੂਹ ਦੁਆਰਾ ਜ਼ਬਰਦਸਤੀ ਮੰਦਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮੰਦਿਰ ਪ੍ਰਬੰਧਕਾਂ ਮੁਤਾਬਕ ਸਿਰਫ਼ ਹਿੰਦੂਆਂ ਨੂੰ ਹੀ ਮੰਦਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਹੈ। ਦੱਸ ਦੇਈਏ ਕਿ ਨਾਸਿਕ ਦਾ ਤ੍ਰਿੰਬਕੇਸ਼ਵਰ ਮੰਦਰ ਭਗਵਾਨ ਸ਼ਿਵ ਦਾ ਪ੍ਰਸਿੱਧ ਮੰਦਰ ਹੈ। ਜਿੱਥੇ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਵਿੱਚੋਂ ਇੱਕ ਦੀ ਸਥਾਪਨਾ ਹੈ। ਇਸ ਘਟਨਾ ਨੂੰ ਲੈ ਕੇ ਸ਼ਨੀਵਾਰ ਨੂੰ ਹੀ ਮੰਦਰ ਦੇ ਟਰੱਸਟ ਦੀ ਤਰਫੋਂ ਮਹਾਰਾਸ਼ਟਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਵਾਪਰੀ ਘਟਨਾ ਦਾ ਨੋਟਿਸ ਲਿਆ :ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਖੁਦ ਇਸ ਮਾਮਲੇ ਵਿੱਚ ਦਖਲ ਦਿੱਤਾ। ਉਪ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਉਸ ਨੇ ਨਾਸਿਕ ਦੇ ਤ੍ਰਿੰਬਕੇਸ਼ਵਰ ਮੰਦਰ ਵਿੱਚ ਸ਼ਨੀਵਾਰ ਨੂੰ ਵਾਪਰੀ ਘਟਨਾ ਦਾ ਨੋਟਿਸ ਲਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਤ੍ਰਿੰਬਕੇਸ਼ਵਰ ਮੰਦਰ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਦੇਵੇਂਦਰ ਫੜਨਵੀਸ ਦੇ ਹੁਕਮਾਂ ਅਨੁਸਾਰ ਇਸ ਘਟਨਾ ਦੀ ਜਾਂਚ ਲਈ ਗਠਿਤ ਐਸਆਈਟੀ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.) ਰੈਂਕ ਦੇ ਅਧਿਕਾਰੀ ਕਰਨਗੇ। ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਮੰਦਰ ਟਰੱਸਟ ਨੇ ਉਪ ਮੁੱਖ ਮੰਤਰੀ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ।