ਚੰਡੀਗੜ੍ਹ: ਪੰਜਾਬ ਦੀ ਵਿਰਾਸਤ ਤਿਉਹਾਰਾਂ, ਗੁਰਪੁਰਬਾਂ ਆਦਿ ਨਾਲ ਭਰਪੂਰ ਹੈ। ਇੱਥੇ ਰੁੱਤਾਂ ਤੇ ਮਹੀਨਿਆਂ ਮੁਤਾਬਿਕ ਤਿਉਹਾਰ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਲੋਹੜੀ ਦੇ ਅਗਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਾਘੀ ਦਾ ਤਿਉਹਾਰ ਮਾਘ ਮਹੀਨੇ ਦੇ ਪਹਿਲੇ ਦਿਨ ਭਾਵ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੰਜਾਬ 'ਚ 'ਮਾਘੀ' ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਨੂੰ ਮਕਰ ਸ਼ਕ੍ਰਾਂਤੀ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ,ਜੋ ਕਿ ਪੋਹ ਮਹੀਨੇ ਦੇ ਅਖ਼ੀਰਲੇ ਦਿਨ ਮਨਾਇਆ ਜਾਂਦਾ ਹੈ।
ਮਾਘੀ ਦੇ ਦਿਨ ਦੀ ਮਹੱਤਤਾ
ਮਾਘੀ ਨੂੰ ਦਿਨ ਦੇ ਸਮੇਂ ਦੀ ਰੋਸ਼ਨੀ 'ਚ ਵਾਧਾ ਹੋਣ ਦਾ ਪ੍ਰਤੀਕ ਮੰਨਿਆ ਹੈ ਤੇ ਇਹ ਠੰਢ ਦੀ ਸੰਗਰਾਂਦ ਦਾ ਜਸ਼ਨ ਹੈ। ਇਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉੱਤਰੀ ਦਿਸ਼ਾ ਵੱਲ ਕਰਦਾ ਹੈ। ਇਸ ਦਿਨ ਦਾ ਜ਼ਿਕਰ “ਵੱਡੇ ਦਿਨ” ਵਜੋਂ ਕੀਤਾ ਜਾਂਦਾ ਹੈ। ਪੰਜਾਬੀ ਕਲੰਡਰ ਮੁਤਾਬਕ, ਇਸ ਦਿਨ ਤੋਂ ਗਰਮ ਮੌਸਮ ਦੀ ਸ਼ੁਰੂਆਤ ਹੋਣਾ ਤੇ ਠੰਢ ਦੇ ਮੌਸਮ ਦਾ ਦੂਸਰਾ ਅੱਧ ਵੀ ਮੰਨਿਆ ਜਾਂਦਾ ਹੈ। ਇਸ ਨੂੰ ਮਾਘੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।
ਹਿੰਦੂ ਧਰਮ 'ਚ ਮਾਘੀ ਦਾ ਤਿਉਹਾਰ
ਹਿੰਦੂ ਧਰਮ ਮੁਤਾਬਕ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਮਾਘੀ ਦਾ ਤਿਉਹਾਰ ਮਾਘ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ। ਇਸ ਦਿਨ ਸੂਰਜ ਧਨ ਰਾਸ਼ੀ ਚੋਂ ਮਕਰ ਰਾਸ਼ੀ 'ਚ ਦਾਖਲ ਹੁੰਦਾ ਹੈ। ਹਿੰਦੂ ਧਰਮ ਦੀ ਰਵਾਇਤਾਂ ਮੁਤਾਬਕ ਇਹ ਦਿਨ ਤੀਰਥ ਇਸ਼ਨਾਨ, ਪੁੰਨ ਦਾਨ ਤੇ ਜਾਨਵਰਾਂ 'ਤੇ ਦਇਆ ਭਾਵ ਲਈ ਚੰਗਾ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਨਾਲ ਮਨੁੱਖ ਦੇ ਪਾਪ ਅਤੇ ਮਾੜੇ ਕਰਮ ਨਵਿਰਤ ਹੋ ਜਾਂਦੇ ਹਨ। ਲੋਕ ਨਦੀਆਂ, ਸਮੁੰਦਰਾਂ, ਝੀਲਾਂ ਆਦਿ ਕੰਢੇ ਇਸ਼ਨਾਨ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹਨ। ਹਿੰਦੂ ਵੇਦਾਂ ਤੇ ਸ਼ਾਸਤਰਾਂ ਮੁਤਾਬਕ ਮਾਘ ਮਹੀਨੇ ਦਾ ਪਹਿਲਾ ਦਿਨ ਬੇਹਦ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਮਾਘੀ ਵਾਲੇ ਦਿਨ ਖ਼ਾਸ ਤੌਰ 'ਤੇ ਪ੍ਰਯਾਗ ਤੀਰਥ 'ਤੇ ਇਸ਼ਨਾਨ ਕਰਨਾ ਬੇਹਦ ਚੰਗਾ ਸਮਝਿਆ ਜਾਂਦਾ ਹੈ।