ਹੈਦਰਾਬਾਦ: ਸਾਰੇ ਵਿਸ਼ਵ 'ਚ ਸ਼ਾਰਦੀਆ ਨਵਰਾਤਰੀ ਵਿਸ਼ਵਾਸ ਅਤੇ ਸ਼ਰਧਾ ਨਾਲ ਮਨਾਈ ਜਾਂਦੀ ਹੈ। ਸਾਰੇ ਜਾਣਦੇ ਹਨ ਕਿ ਨਵਰਾਤਰੀ ਦੇ ਨੌ ਦਿਨਾਂ 'ਚ ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਛੇਵੇ ਦਿਨ ਕਾਤਯਾਨੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਪੁਰਾਣੀਆਂ ਮਾਨਤਾਵਾਂ ਅਨੁਸਾਰ, ਮਾਂ ਕਾਤਯਾਨੀ ਨੂੰ ਬ੍ਰਹਮਾ ਦੀ ਧੀ ਵੀ ਕਿਹਾ ਜਾਂਦਾ ਹੈ।
ਕਾਤਯਾਨੀ ਮਾਤਾ ਦਾ ਰੂਪ:ਸ਼ਾਰਦੀਆਂ ਨਵਰਾਤਰੀ ਦੇ ਛੇਵੇ ਦਿਨ ਭਗਤ ਦੇਵੀ ਮਾਂ ਦੁਰਗਾ ਦੇ ਕਾਤਯਾਨੀ ਰੂਪ ਦੀ ਪੂਜਾ ਕਰਦੇ ਹਨ। ਕਾਤਯਾਨੀ ਮਾਤਾ ਦੀਆਂ ਚਾਰ ਬਾਂਹਾ ਹਨ। ਜਿਨ੍ਹਾਂ 'ਚ ਢਾਲ, ਕਮਲ, ਤਲਵਾਰ ਅਤੇ ਤ੍ਰਿਸ਼ੂਲ ਹੈ। ਕਾਤਯਾਨੀ ਮਾਤਾ ਦੀ ਸਵਾਰੀ ਸ਼ੇਰ ਹੈ ਅਤੇ ਉਨ੍ਹਾਂ ਦਾ ਪਸੰਦੀਦਾ ਰੰਗ ਗ੍ਰੇ ਹੈ। ਨਵਰਾਤਰੀ ਦੇ ਛੇਵੇ ਦਿਨ ਸਵੇਰੇ ਆਪਣੇ ਪੂਜਾ ਘਰ ਅਤੇ ਪੂਜਾ ਵਾਲੀ ਜਗ੍ਹਾਂ ਦੀ ਸਫਾਈ ਕਰੋ ਅਤੇ ਫਿਰ ਭਗਵਾਨ ਗਣੇਸ਼ ਦੀ ਪੂਜਾ ਕਰੋ।
ਕਾਤਯਾਨੀ ਮਾਤਾ ਦੀ ਪੂਜਾ:ਸ਼ਾਰਦੀਆਂ ਨਵਰਾਤਰੀ ਦੇ ਦੌਰਾਨ ਜੇਕਰ ਤੁਸੀਂ ਘਰ 'ਚ ਕਲਸ਼ ਦੀ ਸਥਾਪਨਾ ਕੀਤੀ ਹੈ, ਤਾਂ ਉਸਦੀ ਪੂਜਾ ਕਰੋ। ਫਿਰ ਘਰ 'ਚ ਮਾਂ ਦੁਰਗਾ ਜਾਂ ਕਾਤਯਾਨੀ ਮਾਤਾ ਦੀ ਮੂਰਤੀ ਸਥਾਪਿਤ ਕਰਕੇ ਉਨ੍ਹਾਂ ਦੀ ਪੂਜਾ ਕਰੋ। ਨਵਰਾਤਰੀ ਦੇ ਛੇਵੇ ਦਿਨ ਭਗਤ ਮਾਤਾ ਕਾਤਯਾਨੀ ਦੇ ਪਸੰਦੀਦਾ ਸ਼ਹਿਦ ਨੂੰ ਪ੍ਰਸਾਦ ਦੇ ਰੂਪ 'ਚ ਚੜਾ ਕੇ ਦੇਵੀ ਦੀ ਪੂਜਾ ਕਰਦੇ ਹਨ। ਇਸ ਤੋਂ ਬਾਅਦ ਓਮ ਦੇਵੀ ਕਾਤ੍ਯਾਯਨ੍ਯੈ ਨਮਃ ਦਾ 108 ਵਾਰ ਜਾਪ ਕਰਦੇ ਹੋਏ ਮਾਂ ਦਾ ਧਿਆਨ ਕਰੋ। ਉਸ ਤੋਂ ਬਾਅਦ ਦੁਰਗਾ ਚਾਲੀਸਾ ਦਾ ਪਾਠ ਕਰੋ। ਇਸ ਤੋਂ ਬਾਅਦ ਮਾਂ ਦੀ ਆਰਤੀ ਕਰੋ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹੋਏ ਪੂਜਾ ਪੂਰੀ ਕਰੋ ਅਤੇ ਪ੍ਰਸਾਦ ਲਓ।
ਮਾਤਾ ਕਾਤਯਾਨੀ ਦੀ ਕਥਾ: ਪੁਰਾਣੀਆਂ ਮਾਨਤਾਵਾ ਅਨੁਸਾਰ, ਦੁਆਪਰ ਯੁਗ ਵਿੱਚ ਗੋਪੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਪਤੀ ਦੇ ਰੂਪ 'ਚ ਪਾਉਣ ਲਈ ਮਾਤਾ ਕਾਤਯਾਨੀ ਦੀ ਪੂਜਾ ਕੀਤੀ ਸੀ। ਆਚਾਰੀਆ ਰਾਮਸ਼ੰਕਰ ਦੁਬੇ ਕਹਿੰਦੇ ਹਨ ਕਿ ਕਾਤਯਾਨੀ ਮਾਤਾ ਮਹਾਰਿਸ਼ੀ ਕਾਤਯਾਨ ਦੀ ਧੀ ਦੇ ਰੂਪ 'ਚ ਵੀ ਜਾਣੀ ਜਾਂਦੀ ਹੈ। ਮਾਤਾ ਕਾਤਯਾਨੀ ਦੀ ਪੂਜਾ ਕਰਨ ਨਾਲ ਜਿੰਦਗੀ ਸੁੱਖ ਭਰੀ ਰਹਿੰਦੀ ਹੈ। ਜਿਨ੍ਹਾਂ ਔਰਤਾਂ-ਪੁਰਸ਼ਾਂ ਦੇ ਵਿਆਹ 'ਚ ਦੇਰੀ ਹੋ ਰਹੀ ਹੈ, ਜੇਕਰ ਉਹ ਸੱਚੇ ਮਨ ਅਤੇ ਸ਼ਰਧਾ ਨਾਲ ਮਾਤਾ ਕਾਤਯਾਨੀ ਦੀ ਪੂਜਾ ਕਰਦੇ ਹਨ, ਤਾਂ ਮਾਤਾ ਰਾਣੀ ਉਨ੍ਹਾਂ ਦੀ ਇੱਛਾ ਪੂਰੀ ਕਰਦੀ ਹੈ।