ਗਾਜ਼ੀਆਬਾਦ:ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਸਾਰੇ ਭਾਰਤੀਆਂ ਦਾ DNA ਇੱਕ ਹੈ ਅਤੇ ਮੁਸਲਮਾਨਾਂ ਨੂੰ ਇਸ ਡਰ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਕਿ ਭਾਰਤ ਵਿੱਚ ਇਸਲਾਮ ਖ਼ਤਰੇ ਵਿੱਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮੁਸਲਮਾਨਾਂ ਨੂੰ ਦੇਸ਼ ਛੱਡਣ ਲਈ ਕਹਿੰਦੇ ਹਨ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਕਹਿ ਸਕਦੇ।
ਭਾਗਵਤ ਗਾਜ਼ੀਆਬਾਦ (ਯੂ ਪੀ) ਵਿੱਚ ਰਾਸ਼ਟਰੀ ਮੁਸਲਿਮ ਮੰਚ ਵੱਲੋਂ ‘ਹਿੰਦੁਸਤਾਨੀ ਪਹਿਲੇ, ਹਿੰਦੁਸਤਾਨ ਪਹਿਲੇ’ ਵਿਸ਼ੇ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਪੂਜਾ ਦੇ ਢੰਗ ਦੇ ਅਧਾਰ ਤੇ ਵੱਖਰਾ ਨਹੀਂ ਕੀਤਾ ਜਾ ਸਕਦਾ।
RSS ਮੁਖੀ ਨੇ ਕਿਹਾ ਕਿ ਲਿੰਚਿੰਗ ਦੀਆਂ ਘਟਨਾਵਾਂ ਵਿਚ ਸ਼ਾਮਿਲ ਲੋਕਾਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਹਿੰਦੂਤਵ ਦੇ ਵਿਰੁੱਧ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਲੋਕਾਂ ਖ਼ਿਲਾਫ ਲਿੰਚਿੰਗ ਦੇ ਕੁਝ ਝੂਠੇ ਕੇਸ ਦਰਜ ਕੀਤੇ ਗਏ ਹਨ।
ਭਾਗਵਤ ਨੇ ਮੁਸਲਮਾਨਾਂ ਨੂੰ ਇਸ ਡਰ ਦੇ ਚੱਕਰ ਵਿਚ ਨਾ ਪੈਣ ਲਈ ਕਿਹਾ ਕਿ ਭਾਰਤ ਵਿਚ ਇਸਲਾਮ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। RSS ਮੁਖੀ ਨੇ ਕਿਹਾ ਕਿ ਏਕਤਾ ਦਾ ਅਧਾਰ ਰਾਸ਼ਟਰਵਾਦ ਅਤੇ ਪੁਰਖਿਆਂ ਦਾ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਮੁਸਲਿਮ ਟਕਰਾਅ ਦਾ ਇਕੋ ਇਕ ਹੱਲ ਗੱਲਬਾਤ ਹੈ ਨਾ ਕਿ ਵਿਵਾਦ।
RSS ਮੁਖੀ ਨੇ ਕਿਹਾ, ਜੇ ਕੋਈ ਕਹਿੰਦਾ ਹੈ ਕਿ ਮੁਸਲਮਾਨਾਂ ਨੂੰ ਭਾਰਤ ਵਿੱਚ ਨਹੀਂ ਰਹਿਣਾ ਚਾਹੀਦਾ ਤਾਂ ਉਹ ਹਿੰਦੂ ਨਹੀਂ ਹੈ। ਉਨ੍ਹਾਂ ਕਿਹਾ, ਅਸੀਂ ਇੱਕ ਲੋਕਤੰਤਰ ਵਿੱਚ ਹਾਂ। ਇੱਥੇ ਹਿੰਦੂਆਂ ਜਾਂ ਮੁਸਲਮਾਨਾਂ ਦਾ ਦਬਦਬਾ ਨਹੀਂ ਹੋ ਸਕਦਾ। ਇੱਥੇ ਸਿਰਫ਼ ਭਾਰਤੀਆਂ ਦਾ ਦਬਦਬਾ ਹੋ ਸਕਦਾ ਹੈ।